Print Friendly
ਗੁਰੂ-ਜੋਤਿ ਦੇ ਚੌਥੇ ਵਾਰਸ ਸ੍ਰੀ ਗੁਰੂ ਰਾਮਦਾਸ ਜੀ (26 ਅਕਤੂਬਰ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼)

ਗੁਰੂ-ਜੋਤਿ ਦੇ ਚੌਥੇ ਵਾਰਸ ਸ੍ਰੀ ਗੁਰੂ ਰਾਮਦਾਸ ਜੀ (26 ਅਕਤੂਬਰ ਨੂੰ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼)

ਸ੍ਰੀ ਗੁਰੂ ਰਾਮਦਾਸ ਜੀ ਗੁਰੂ-ਜੋਤਿ ਦੇ ਚੌਥੇ ਵਾਰਸ ਬਣੇ। ਆਪ ਨੇ ਲੋਕਾਈ ਦਾ ਜੀਵਨ ਰਾਹ ਰੌਸ਼ਨ ਕੀਤਾ ਤੇ ਜੀਵਨ ਜੁਗਤਿ ਸਮਝਾਈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ :
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
(ਪੰਨਾ 968)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਵੱਡੀ ਹੈ। ਆਪ ਨਿਮਰਤਾ ਤੇ ਨਿਰਮਲਤਾ ਦੇ ਪੁੰਜ ਸਨ। ਆਪ ਸੰਤ ਸੁਭਾਅ, ਸੇਵਾ ਦੀ ਮੂਰਤ ਬਾਬਾ ਹਰਿਦਾਸ ਜੀ ਅਤੇ ਮਾਤਾ ਦਯਾ ਕੌਰ ਜੀ ਦੇ ਜੇਠੇ ਸਪੁੱਤਰ ਸਨ। ਆਪ ਜੀ ਦਾ ਪ੍ਰਕਾਸ਼ 1534 ਈ: ਨੂੰ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਵਿਚ ਹੋਇਆ। ਭਾਈ ਹਰਦਿਆਲ ਅਤੇ ਭੈਣ ਰਾਮਦਾਸੀ ਆਪ ਜੀ ਦੇ ਛੋਟੇ ਭਰਾ-ਭੈਣ ਸਨ। ਛੋਟੀ ਉਮਰ ਵਿਚ ਹੀ ਆਪ ਜੀ ਦੇ ਮਾਤਾ-ਪਿਤਾ ਸਾਥ ਛੱਡ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਅਤੇ ਵੱਡੇ ਹੋਣ ਕਰਕੇ ਭੈਣ-ਭਰਾ ਦਾ ਭਾਰ ਵੀ ਆਪ ‘ਤੇ ਆ ਪਿਆ। ਪਰਿਵਾਰਕ ਨਿਰਬਾਹ ਲਈ ਆਪ ਨੂੰ ਘੁੰਗਣੀਆਂ ਵੇਚਣੀਆਂ ਪਈਆਂ। ਆਪ ਜੀ ਦੇ ਨਾਨੀ, ਮਾਤਾ-ਪਿਤਾ ਤੋਂ ਵਿਹੂਣੇ ਬੱਚਿਆਂ ਨੂੰ ਬਾਸਰਕੇ ਲੈ ਆਏ।
ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡਟ ਕੇ ਕਰਦੇ ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ-ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ-ਲਾਜ ਦੀ ਪ੍ਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਦੇ ਸੋਢੀਆਂ ਨੇ ਮਿਹਣਾ ਵੀ ਮਾਰਿਆ ਕਿ ਸਹੁਰੇ-ਘਰ ਵਿਚ ਜਵਾਈਆਂ ਨੂੰ ਹੱਥੀਂ ਛਾਵਾਂ ਹੁੰਦੀਆਂ ਨੇ ਪਰ ਤੂੰ ਤਾਂ ਟੋਕਰੀਆਂ ਢੋ ਕੇ ਗੱਲ ਹੀ ਗੁਆ ਛੱਡੀ ਹੈ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ‘ਰਾਮਦਾਸ ਦੇ ਸਿਰ ‘ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆ ਦਾ ਛਤਰ ਹੈ।’ ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿੱਬੜਿਆ।
ਹੁਣ ਪ੍ਰੀਖਿਆ ਦਾ ਸਮਾਂ ਆ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ ਦਾ ਹੁਕਮ ਕੀਤਾ, ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਥੜ੍ਹੇ ਬਣਾਉਂਦੇ ਰਹੇ ਪਰ ਗੁਰੂ ਜੀ ਕੋਈ ਨਾ ਕੋਈ ਨੁਕਸ ਕੱਢ ਕੇ ਥੜ੍ਹੇ ਢੁਹਾ ਦਿੰਦੇ। ਕਈ ਵਾਰ ਅਜਿਹਾ ਹੋਇਆ ਤਾਂ ਭਾਈ ਰਾਮੇ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਨਿਮਰਤਾ ਵਿਚ ਭਿੱਜੇ ਸਤਿ ਬਚਨ ਕਹਿ ਕੇ ਫਿਰ ਉਸਾਰੀ ਸ਼ੁਰੂ ਕਰ ਦਿੰਦੇ ਰਹੇ। ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸਤੰਬਰ 1574 ਈ: ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪੀ ਗਈ। ਇਸ ਤਰ੍ਹਾਂ ਭਾਈ ਜੇਠਾ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ਪਰਵਾਨ ਹੋਏ। ਭਾਈ ਗੁਰਦਾਸ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਗੁਰੂ ਸਰੂਪ ਵਿਚ ਪਰਵਾਨ ਹੋਣ ਦੇ ਨਾਲ-ਨਾਲ ਗੁਰਸਿੱਖੀ ਦਾ ਥੰਮ੍ਹ ਦੱਸਦਿਆਂ ਅਜਿਹਾ ਵਣਜ ਵਪਾਰੀ ਕਿਹਾ ਹੈ ਜੋ ਔਗੁਣਾਂ ਦੇ ਬਦਲੇ ਗੁਣ ਬਖਸ਼ਦੇ ਹਨ :
ਪੀਊ ਦਾਦੇ ਜੇਵੇਹਾ ਪੜਦਾਦੇ ਪਰਵਾਣੁ ਪੜੋਤਾ।
ਗੁਰਮਤਿ ਜਾਗਿ ਜਗਾਇਦਾ ਕਲਿਜੁਗ ਅੰਦਰਿ ਕੌੜਾ ਸੋਤਾ।
ਦੀਨ ਦੁਨੀ ਦਾ ਥੰਮੁ ਹੁਇ ਭਾਰੁ ਅਥਰਬਣ ਥੰਮ੍ਹਿ ਖਲੋਤਾ।
ਭਉਜਲੁ ਭਉ ਨ ਵਿਆਪਈ ਗੁਰ ਬੋਹਿਥ ਚੜਿ ਖਾਇ ਨ ਗੋਤਾ।
ਅਵਗੁਣ ਲੈ ਗੁਣ ਵਿਕਣੈ ਗੁਰ ਹਟ ਨਾਲੈ ਵਣਜ ਸਓਤਾ।
(ਵਾਰ 24/15)
ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਅਨੇਕਾਂ ਵਡਮੁੱਲੇ ਕਾਰਜ ਕੀਤੇ। ਆਪ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੱਸੇ ਸਥਾਨ ਅਤੇ ਪਤੇ ਮੁਤਾਬਿਕ (ਜਿਸ ਥਾਂ ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ ਹੈ) ਜਾ ਕੇ ਇਕ ਸਰੋਵਰ (ਸੰਤੋਖਸਰ) ਦੀ ਖੁਦਵਾਈ ਆਰੰਭ ਕਰਵਾਈ ਅਤੇ ਬਾਅਦ ਵਿਚ ਆਸ-ਪਾਸ ਦੇ ਪਿੰਡਾਂ ਦੇ ਜ਼ਿਮੀਂਦਾਰਾਂ ਤੋਂ ਪੰਜ ਸੌ ਵਿੱਘੇ ਜ਼ਮੀਨ ਮੁੱਲ ਲੈ ਕੇ ‘ਗੁਰੂ ਦਾ ਚੱਕ’ (ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ) ਵਸਾਉਣਾ ਸ਼ੁਰੂ ਕੀਤਾ। ਨਗਰ ਵਿਚ ਵਪਾਰ, ਰੋਟੀ-ਰੋਜ਼ੀ ਅਤੇ ਕਿਰਤ-ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ 52 ਕਿਸਮ ਦੇ ਕਿੱਤਿਆਂ ਦੇ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ। ਗੁਰੂ ਸਾਹਿਬ ਜੀ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਤ ਕੀਤਾ, ਉਸ ਦਾ ਨਾਂਅ ‘ਗੁਰੂ ਬਾਜ਼ਾਰ’ ਪ੍ਰਸਿੱਧ ਹੋਇਆ, ਜੋ ਅੱਜ ਵੀ ਮੌਜੂਦ ਹੈ ਤੇ ਸੋਨੇ-ਚਾਂਦੀ ਦੇ ਜ਼ੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ। ਆਪ ਜੀ ਨੇ ਆਪਣੀ ਰਿਹਾਇਸ਼ ਲਈ ਇਕ ਛੋਟਾ ਜਿਹਾ ਮਕਾਨ ਬਣਵਾਇਆ ਜੋ ‘ਗੁਰੂ ਕੇ ਮਹਿਲ’ ਕਰਕੇ ਪ੍ਰਸਿੱਧ ਹੋਇਆ। ਹੁਣ ਇਸ ਦੀ ਜਗ੍ਹਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਸ੍ਰੀ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਤੇ ਵੱਡਾ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ। ਆਪ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਗੁਰੂ ਪਾਤਸ਼ਾਹ ਦੀ ਬਾਣੀ ਮਨੁੱਖ ਮਾਤਰ ਲਈ ਧਰਮ ਨੂੰ ਧਾਰਨ ਕਰਾਉਣ ਦਾ ਵਸੀਲਾ, ਪ੍ਰੇਮ ਵਿਚ ਲੀਨ ਕਰਨ ਦਾ ਸਾਧਨ, ਸੁਖਾਂ ਦੀ ਦਾਤੀ, ਬਿਰਹੋਂ ਪੈਦਾ ਕਰਦੀ, ਗਿਆਨ ਪੈਦਾ ਕਰਕੇ ਗਿਆਨ ਦਾ ਅਨੰਦ ਪ੍ਰਦਾਨ ਕਰਦੀ ਹੈ ਅਤੇ ਬ੍ਰਹਮ ਤੋਂ ਆਈ ਬ੍ਰਹਮ ‘ਤੇ ਲੈ ਜਾਂਦੀ ਹੈ।

ਜਥੇਦਾਰ ਅਵਤਾਰ ਸਿੰਘ
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

http://beta.ajitjalandhar.com/supplement/20131009/28.cms

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

History of Gurdaspur

Gurdaspur was founded by Guriya Ji in the beginning of 17th century. On his name, this city was named as Gurdaspur. He bought land for Gurdaspur from Jats of Sangi


Print Friendly
Important Days0 Comments

ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼ (11 ਜੁਲਾਈ)

ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2015 ਨੂੰ ਲਗਭਗ 7,263,339,729 ਹੋ ਗਈ। ਜਨਸੰਖਿਆ ਦਾ ਅਨੁਮਾਨ ਧਰਤੀ ਦੇ ਵਾਰਸ ਸਿਰਫ ਅਸੀਂ ਜਾਂ


Print Friendly
Social Studies0 Comments

ਸਿੰਘਾਂ ਦੇ ਸਬਰ ਦੀ ਦਾਸਤਾਨ-ਮੋਰਚਾ ਗੁਰੂ ਕਾ ਬਾਗ਼ (8 ਅਗਸਤ ਲਈ ਵਿਸ਼ੇਸ਼)

ਸਿੱਖ ਧਰਮ ਦੁਨੀਆ ਦੇ ਪ੍ਰਮੁੱਖ ਧਰਮਾਂ ਵਿਚੋਂ ਇਕ ਹੈ। ਇਸ ਧਰਮ ਦੀ ਉਤਪਤੀ ਸਮੇਂ ਦੇ ਅੱਤਿਆਚਾਰ, ਅਨਿਆਂ, ਬੇਇਨਸਾਫੀ ਨੂੰ ਜੜ੍ਹੋਂ ਦੂਰ ਕਰਨ ਦੇ ਲਈ ਹੋਈ ਅਤੇ ਸੱਚ, ਧਰਮ, ਜ਼ਮੀਰ ਦੀ


Print Friendly