Print Friendly
ਭਾਰਤੀ ਪਰਮਾਣੂ ਖੋਜ ਦਾ ਪਿਤਾਮਾ ਡਾ. ਹੋਮੀ ਜਹਿਨਾਗੀਰ ਭਾਬਾ – 30 ਅਕਤੂਬਰ ਜਨਮ ਦਿਨ ਤੇ ਵਿਸ਼ੇਸ਼

ਭਾਰਤੀ ਪਰਮਾਣੂ ਖੋਜ ਦਾ ਪਿਤਾਮਾ ਡਾ. ਹੋਮੀ ਜਹਿਨਾਗੀਰ ਭਾਬਾ – 30 ਅਕਤੂਬਰ ਜਨਮ ਦਿਨ ਤੇ ਵਿਸ਼ੇਸ਼

ਉਦੋਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਨਿੱਕੜਾ ਜਿਹਾ ਪਰਮਾਣੂ ਕਦੇ ਵੱਡੇ-ਵੱਡੇ ਬਿਜਲੀ ਘਰਾਂ ਨੂੰ ਚਲਾਉਣ ਦਾ ਸਬੱਬ ਬਣੇਗਾ। ਇਸੇ ਪਰਮਾਣੂ ਤੋਂ ਬਣਿਆ ਪਰਮਾਣੂ ਬੰਬ, ਹੱਸਦੇ-ਵਸਦੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਜਾਵੇਗਾ। ਵਿਸ਼ਵ ਭਰ ਦੇ ਲੋਕਾਂ ਨੂੰ ਇਹ ਗੱਲ ਉਦੋਂ ਸਮਝ ਪਈ ਜਦੋਂ ਦੂਜੇ ਵਿਸ਼ਵ ਯੁੱਧ ਦੇ ਅੰਤਲੇ ਦਿਨਾਂ ’ਚ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ। ਘੁੱਗ ਵਸਦੇ ਸ਼ਹਿਰ ਛਿਣ-ਪਲ ਵਿੱਚ ਰਾਖ ਦੀਆਂ ਢੇਰੀਆਂ ਬਣ ਗਏ ਸਨ। ਅੱਜ ਵੀ ਜਪਾਨੀ ਲੋਕ ਪੀੜ੍ਹੀ ਦਰ ਪੀੜ੍ਹੀ ਨਿਊਕਲੀ ਤਬਾਹੀ ਦਾ ਸੰਤਾਪ ਭੋਗ ਰਹੇ ਹਨ।
ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਦਾ ਪਿਤਾਮਾ ਡਾ. ਹੋਮੀ ਜਹਾਂਗੀਰ ਭਾਬਾ ਹੈ। ਇਹ ਉਸੇ ਦੀ ਬਦੌਲਤ ਹੈ ਕਿ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਡਾ. ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 ਨੂੰ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਭਾਬਾ ਬੜੀ ਅਲੌਕਿਕ ਬੁੱਧੀ ਵਾਲਾ ਸਿਰੜੀ ਅਤੇ ਹਠੀ ਬੱਚਾ ਸੀ। ਮੁੱਢ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿਚ ਸੀ।
ਉਸ ਨੇ ਮੁੱਢਲੀ ਸਿੱਖਿਆ ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਉਹ ਐਲਫਿੰਸਟਨ ਕਾਲਜ ਵਿੱਚ ਪੜ੍ਹਿਆ। ਉਹ ਮੁੰਬਈ ਦੇ ਰਾਇਲ ਇੰਸਟੀਚਿਊਟ ਆਫ ਸਾਇੰਸ ਵਿੱਚ ਵੀ ਪੜ੍ਹਦਾ ਰਿਹਾ। ਉਦੋਂ ਉਸ ਦੀ ਉਮਰ ਸਤਾਰਾਂ ਵਰ੍ਹਿਆਂ ਦੀ ਸੀ, ਜਦੋਂ ਉਹ ਕੈਂਬਰਿਜ ਵਿਸ਼ਵ ਵਿਦਿਆਲੇ ਵਿੱਚ ਮਕੈਨੀਕਲ ਇੰਜਨੀਅਰਿੰਗ ਕਰਨ ਇੰਗਲੈਂਡ ਚਲਾ ਗਿਆ। ਉਸ ਦੇ ਪਿਤਾ ਅਤੇ ਨਜ਼ਦੀਕੀ ਰਿਸ਼ਤੇਦਾਰ ਦੋਰਬ ਟਾਟਾ ਦੀ ਸਲਾਹ ਸੀ ਕਿ ਜਦੋਂ ਭਾਬਾ ਮਕੈਨੀਕਲ ਇੰਜਨੀਅਰ ਬਣ ਕੇ ਵਾਪਸ ਮੁੜੇਗਾ ਤਾਂ ਉਸ ਨੂੰ ਜਮਸ਼ੇਦਪੁਰ ਵਿਖੇ ‘ਟਾਟਾ ਸਟੀਲਜ਼’ ਵਿੱਚ ਧਾਤ ਵਿਗਿਆਨੀ ਦੇ ਅਹੁਦੇ ’ਤੇ ਨਿਯੁਕਤ ਕੀਤਾ ਜਾਵੇਗਾ।
ਕੈਂਬਰਿਜ ਵਿਸ਼ਵ ਵਿਦਿਆਲੇ ਵਿੱਚ ਭਾਬਾ ਨਾਮਵਰ ਖੋਜੀਆਂ ਦੇ ਸੰਪਰਕ ’ਚ ਆਇਆ। ਉੱਘਾ ਭੌਤਿਕ ਵਿਗਿਆਨੀ ਰਾਜੀਉਦੀਨ ਸਿੱਦੀਕੀ ਤਾਂ ਉਸ ਦੇ ਮਨ ਉੱਤੇ ਡੂੰਘੀ ਛਾਪ ਹੀ ਛੱਡ ਗਿਆ। ਉਸ ਦੀ ਰੁਚੀ ਸਿਧਾਂਤਕ ਭੌਤਿਕ ਵਿਗਿਆਨ ਵੱਲ ਵਧ ਗਈ। ਉਸ ਨੇ ਇਸ ਸਬੰਧੀ ਇੱਕ ਖ਼ਤ ਆਪਣੇ ਪਿਤਾ ਨੂੰ ਵੀ ਲਿਖਿਆ। ਸੰਨ 1930 ’ਚ ਉਸ ਨੇ ਮਕੈਨੀਕਲ ’ਚ ਆਨਰਜ਼ ਸਮੇਤ ਗ੍ਰੈਜੂਏਸ਼ਨ ਦਾ ਇਮਤਿਹਾਨ ਪਹਿਲੇ ਦਰਜੇ ’ਚ ਪਾਸ ਕਰ ਲਿਆ। ਇਸੇ ਦੀ ਬਦੌਲਤ ਉਸ ਨੂੰ ਵਜ਼ੀਫ਼ਾ ਵੀ ਮਿਲਿਆ ਸੀ।
ਸੰਨ 1932 ਤੋਂ 1934 ਦੌਰਾਨ ਉਸ ਦਾ ਮੇਲ-ਜੋਲ ਯੂਰਪ ਦੇ ਸਿਰਕੱਢ ਵਿਗਿਆਨੀਆਂ ਨਾਲ ਹੋਇਆ। ਉਹ ਪਾਲੀ ਕੋਲ ਜਿਊਰਖ ਗਿਆ। ਉਸ ਨੂੰ ਇਟਲੀ ਦੇ ਖੋਜੀ ਫਰਮੀ ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ। ਸੰਨ 1933 ’ਚ ਨਿਊਕਲੀਅਰ ਫਿਜ਼ਿਕਸ ਦੇ ਖੋਜ ਅਧਿਐਨ ਕਰਕੇ ਉਸ ਨੂੰ ਪੀਐਚ.ਡੀ. ਡਿਗਰੀ ਪ੍ਰਦਾਨ ਕੀਤੀ ਗਈ। ਇਸ ਸਮੇਂ ਉਸ ਦਾ ਪਹਿਲਾ ਖੋਜ ਪੱਤਰ ‘ਕਾਸਮਿਕ ਕਿਰਨਾਂ ਦਾ ਸੋਖਣ’ ਵੀ ਪ੍ਰਕਾਸ਼ਤ ਹੋਇਆ। ਇਸ ਵਿੱਚ ਕਾਸਮਿਕ ਕਿਰਨਾਂ ਨੂੰ ਸੋਖਣ ਵਾਲੇ ਤੱਤਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਲੈਕਟ੍ਰੌਨਾਂ ਦੇ ਸਿਰਜਣ ਦਾ ਵਿਸਥਾਰ ਦਿੱਤਾ ਗਿਆ ਹੈ। ਸੰਨ 1935 ’ਚ ਉਸ ਦਾ ਖੋਜ ਪੱਤਰ ‘ਇਲੈਕਟਰੌਨ-ਪਾਜ਼ੀਟਰੌਨ ਖਿੰਡਾਓ’ (5lection Positron scattering) ਪ੍ਰਕਾਸ਼ਤ ਹੋਇਆ। ਬਾਅਦ ਵਿੱਚ ਇਸ ਖੋਜ ਨੂੰ ‘ਭਾਬਾ ਖਿੰਡਾਓ’ ਹੀ ਕਿਹਾ ਜਾਣ ਲੱਗਾ। ਸੰਨ 1936 ਵਿੱਚ ਉਸ ਦੇ ਹੋਰ ਖੋਜ ਨਿਬੰਧ ਪ੍ਰਕਾਸ਼ਤ ਹੋਏ। ਉਸ ਨੇ ਵਿਸਥਾਰ ਦਿੱਤਾ ਕਿ ਕਿਵੇਂ ਮੁੱਢਲੀਆਂ ਕਾਸਮਿਕ ਵਿਕੀਰਨਾਂ ਬਾਹਰੀ ਵਾਯੂਮੰਡਲ ਤੋਂ ਪ੍ਰਵੇਸ਼ ਕਰਦੀਆਂ ਸਨ। ਧਰਤੀ ਉਪਰਲੇ ਵਾਯੂਮੰਡਲ ਦੇ ਸੰਪਰਕ ’ਚ ਆ ਕੇ ਅਵੇਸਤ ਕਣ ਪੈਦਾ ਕਰਦੀਆਂ ਹਨ। ਇਹ ਆਵੇਸ਼ਤ ਕਣ ਧਰਤੀ ’ਤੇ ਅਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਵੀ ਲੱਭੇ ਹਨ। ਡਾ. ਭਾਬਾ ਅਤੇ ਵਿਗਿਆਨੀ ਹੀਟਲਰ ਨੇ ਇਸ ਦਾ ਵੱਖ-ਵੱਖ ਉਚਾਈ  ਮਗਰੋਂ ਅਧਿਐਨ ਕੀਤਾ। ਅੰਕੜੇ ਇਕੱਠੇ ਕੀਤੇ ਅਤੇ ਕਣਾਂ ਦੇ ਗੁਣਾਂ ਬਾਰੇ ਖੋਜ ਕੀਤੀ।
ਸੰਨ 1939 ਤੱਕ ਭਾਬਾ ਕੈਂਬਰਿਜ ਵਿਸ਼ਵਵਿਦਿਆਲੇ ’ਚ ਖੋਜ ਕਾਰਜ ਕਰਦਾ ਰਿਹਾ। ਸਤੰਬਰ 1939 ’ਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਭਾਬਾ ਭਾਰਤ ਵਾਪਸ ਮੁੜ ਆਇਆ। ਉਸ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਰੀਡਰ ਲਗਾ ਦਿੱਤਾ ਗਿਆ। ਉਸ ਨੂੰ ਕਾਸਮਿਕ ਵਿਕੀਰਨਾਂ ਦਾ ਖੋਜ ਕਾਰਜ ਵੀ ਸੌਂਪਿਆ ਗਿਆ। ਉਸ ਵਕਤ ਨੋਬੇਲ ਇਨਾਮ ਜੇਤੂ ਡਾ. ਸੀ.ਵੀ. ਰਮਨ ਇਸ ਸੰਸਥਾ ਦੇ ਨਿਰਦੇਸ਼ਕ ਸਨ। ਡਾ. ਭਾਬਾ ਅਲੱਗ ਤੌਰ ’ਤੇ ਨਿੱਕੇ ਪਰਮਾਣੂ ਦੇ ਕਣਾਂ ਦੀਆਂ ਗਤੀਆਂ ਅਤੇ ਪਰਮਾਣੂ ਹਥਿਆਰਾਂ ਬਾਰੇ ਸੰਨ 1944 ’ਚ ਖੋਜ ਵਿਉਂਤਾਂ ਘੜਦਾ ਰਿਹਾ।
ਸੰਨ 1945 ’ਚ ਡਾ. ਭਾਬਾ ਦੀ ਪ੍ਰੇਰਨਾ ਸਦਕਾ ਬੰਬਈ ਵਿਖੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਸਥਾਪਤ ਕੀਤਾ ਗਿਆ। ਇਸ ਦੇ ਨਾਲ ਹੀ ਉਹ ਇੱਥੇ  ਸਿਧਾਂਤਕ ਫਿਜ਼ਿਕਸ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਵੀ ਊਰਜਾ ਪ੍ਰੋਗਰਾਮ ਦੀ ਨਜ਼ਰਸਾਨੀ ਕਰਦਾ ਸੀ। ਬਾਅਦ ਵਿੱਚ ਪਰਮਾਣੂ ਊੁਰਜਾ ਪ੍ਰੋਗਰਾਮ ਦੇ ਤਕਨੀਕੀ ਵਿਕਾਸ ਵਿੱਚ ਆਉਂਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਅਟਾਮਿਕ ਐਨਰਜੀ, ਐਸਟੈਬਲਿਸ਼ਮੈਂਟ ਟਰਾਂਬੇ (155“) ਨੇ ਸੰਨ 1954 ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਦੇਸ਼ ਸੁਤੰਤਰ ਹੋਣ ਤੋਂ ਪਿੱਛੋਂ 1948 ’ਚ ਪਰਮਾਣੂ ਉਰਜਾ ਆਯੋਗ ਹੋਂਦ ਵਿੱਚ ਆਇਆ। ਡਾ. ਭਾਬਾ ਉਸ ਦਾ ਚੇਅਰਮੈਨ ਬਣਿਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾ. ਭਾਬਾ ਨੂੰ ਨਿਊਕਲੀ ਹਥਿਆਰਾਂ ਬਾਰੇ ਖੋਜ ਕਰਨ ਦਾ ਮਸ਼ਵਰਾ ਦਿੱਤਾ। ਇਸ ਆਯੋਗ ਨੇ ਦੇਸ਼ ਵਿੱਚ ਉਦਯੋਗਿਕ ਤਰੱਕੀ ਲਈ ਚੋਖਾ ਕੰਮ ਕੀਤਾ।
ਡਾ. ਭਾਬਾ ਦੀ ਸ਼ਖ਼ਸੀਅਤ ਵਿੱਚ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਉਹ ਖੋਜਾਂ ਵਿੱਚ ਹੋਰ ਖੋਜੀਆਂ ਵਾਂਗ ਐਨਾ ਮਸਰੂਫ਼ ਨਹੀਂ ਹੁੰਦਾ ਸੀ ਕਿ ਆਲੇ-ਦੁਆਲੇ ਦੀ ਸੁਧ ਹੀ ਨਾ ਰਹੇ। ਉਹ ਜਾਣਦਾ ਸੀ ਕਿ ਭਾਰਤ ਵਿੱਚ ਇੱਕ ਤੋਂ ਵੱਧ ਇੱਕ ਲਾਇਕ ਵਿਦਿਆਰਥੀ ਹਨ। ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਸੇਧਤ ਕਰ ਕੇ ਅਤੇ ਮੁਹਾਰਤ ਸਿਖਾ ਕੇ ਮੁਲਕ ਦੀ ਭਲਾਈ ਲਈ ਅਨੇਕਾ ਖੋਜਾਂ ਕੀਤੀਆਂ ਜਾ ਸਕਦੀਆਂ ਹਨ। 1954 ’ਚ ਭਾਰਤ ਸਰਕਾਰ ਨੇ ਪਰਮਾਣੂ ਊੁਰਜਾ ਦਾ ਵਿਭਾਗ ਬਣਾਇਆ ਅਤੇ ਡਾ. ਭਾਬਾ ਨੂੰ ਇਸ ਦਾ ਇੰਚਾਰਜ ਸਕੱਤਰ ਬਣਾਇਆ ਗਿਆ। ਇਸੇ ਸਾਲ ਭਾਰਤ ਸਰਕਾਰ ਨੇ ਡਾ. ਭਾਬਾ ਨੂੰ ਪਦਮ ਭੂਸ਼ਨ ਸਨਮਾਨ ਨਾਲ ਨਿਵਾਜਿਆ। ਬਾਅਦ ’ਚ ਡਾ. ਭਾਬਾ ਭਾਰਤ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਵੀ ਰਿਹਾ।  1955 ’ਚ ਉਹ ਇੰਡੀਅਨ ਸਾਇੰਸ ਕਾਂਗਰਸ ਦਾ ਪ੍ਰਧਾਨ ਵੀ ਬਣਿਆ।
1955 ’ਚ ਪਰਮਾਣੂ ਸ਼ਕਤੀ ਦੀ ਵਰਤੋਂ ਦੇ ਸੰਦਰਭ ਵਿੱਚ ਵਿਸ਼ਵ ਪੱਧਰ ’ਤੇ ਇੱਕ ਕਾਨਫ਼ਰੰਸ ਜਨੇਵਾ (ਸਵਿਟਜ਼ਰਲੈਂਡ) ਵਿੱਚ ਜਥੇਬੰਦ ਕੀਤੀ ਗਈ। ਡਾ. ਹੋਮੀ ਜਹਾਂਗੀਰ ਭਾਬਾ ਨੇ ਇਸ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਭਾਰਤ ਦੀ ਅਗਵਾਈ ਕੀਤੀ। ਇੱਥੇ ਸੰਸਾਰ ਦੇ ਚੋਟੀ ਦੇ ਵਿਗਿਆਨੀ ਪਹੁੰਚੇ ਹੋਏ ਸਨ। ਉਸ ਵੇਲੇ ਸੰਸਾਰ ਦੇ ਬਹੁਤੇ ਮੁਲਕ ਵੱਖੋ-ਵੱਖਰੇ ਟੋਲਿਆਂ ਵਿੱਚ ਵੰਡੇ ਹੋਏ ਸਨ। ਸਰਬ ਸਾਂਝਾ ਅਤੇ ਨਿਰਪੱਖ ਵਿਗਿਆਨੀ ਹੋਣ ਕਰਕੇ ਡਾ. ਭਾਬਾ ਨੂੰ ਇਸ ਕਾਨਫ਼ਰੰਸ ਦੀ ਪ੍ਰਧਾਨਗੀ ਸੌਂਪੀ ਗਈ। ਡਾ. ਭਾਬਾ ਨੇ ਸੂਝ ਅਤੇ ਸਿਆਣਪ ਨਾਲ ਕਾਨਫਰੰਸ ਦੀ ਸਾਰੀ  ਕਾਰਵਾਈ ਬਾਖ਼ੂਬੀ ਨੇਪਰੇ ਚੜ੍ਹਾ ਕੇ ਸਭ ਦੇ ਮਨ ਜਿੱਤ ਲਏ ਸਨ। ਉਸ ਨੇ ਜਿਹੜਾ ਪ੍ਰਧਾਨਗੀ ਭਾਸ਼ਨ ਦਿੱਤਾ, ਉਹ ਇੱਕ ਇਤਿਹਾਸਕ ਦਸਤਾਵੇਜ਼ ਬਣ ਗਿਆ। ਦੁਨੀਆਂ ਭਰ ਦੇ ਅਖ਼ਬਾਰਾਂ ਨੇ ਇਸ ਸਬੰਧੀ ਫੀਚਰ ਪ੍ਰਕਾਸ਼ਤ ਕੀਤੇ ਸਨ। ਡਾ. ਭਾਬਾ ਦੀ ਸ਼ਖ਼ਸੀਅਤ ਨੂੰ ਵਿਸ਼ਵਵਿਆਪੀ ਪਛਾਣ ਮਿਲੀ। ਡਾ. ਭਾਬਾ ਨੇ ਜ਼ੋਰ ਦੇ ਕੇ ਕਿਹਾ, ‘‘ਪਛੜੇ ਦੇਸ਼ਾਂ ਵਿੱਚ ਉਦਯੋਗਿਕ ਤਰੱਕੀ ਲਈ ਉਨ੍ਹਾਂ ਦੀ ਸਭਿਅਤਾ ਜਿਉਂਦੀ ਰੱਖਣ ਲਈ ਪ੍ਰਮਾਣੂ ਸ਼ਕਤੀ ਨਾ ਸਿਰਫ ਉਨ੍ਹਾਂ ਦੀ ਬਾਂਹ ਫੜੇਗੀ ਸਗੋਂ ਇਸ ਤੋਂ ਬਗੈਰ ਸਾਡੇ ਕੋਲ ਕੋਈ ਹੋਰ ਚਾਰਾ ਨਾ ਨਹੀਂ।’
ਉਦੋਂ ਭਾਰਤ ਜਿਹੇ ਗ਼ਰੀਬ ਮੁਲਕ ਵਿੱਚ ਪਰਮਾਣੂ ਸ਼ਕਤੀ ਉਪਜਾਉਣ ਦੀ ਗੱਲ ਕਰਨਾ ਸੱਪ ਦੇ ਸਿਰ ਉਤੇ ਦੀਵਾ ਰੱਖਣ ਵਰਗੀ ਗੱਲ ਜਾਪਦੀ ਸੀ। ਪਰਮਾਣੂ ਸ਼ਕਤੀ ਪੈਦਾ ਕਰਨ ਵਿਚ ਬਰਤਾਨੀਆ ਮੋਹਰੀ ਸੀ। ਉਹ ਪੈਸੇ ਪੱਖੋਂ ਅਮੀਰ ਮੁਲਕ ਸੀ। ਸਾਧਨਾਂ ਪੱਖੋਂ ਵੀ ਸ਼ਕਤੀਸ਼ਾਲੀ ਸੀ। ਉੱਥੇ ਵੀ ਪਹਿਲਾ ਪਰਮਾਣੂ ਉਰਜਾ ਸਟੇਸ਼ਨ ਦਸ ਵਰ੍ਹਿਆਂ ਪਿੱਛੋਂ ਸ਼ੁਰੂ ਹੋਇਆ ਸੀ। ਇਸ ਦੇ ਉਲਟ ਭਾਰਤ ਵਿੱਚ ਸਾਧਨਾਂ ਅਤੇ ਪੈਸੇ ਦੀ ਘਾਟ ਸੀ। ਫਿਰ ਵੀ ਭਾਰਤ ਨੇ ਤਾਰਾਪੁਰ ਪਰਮਾਣੂ ਊਰਜਾ ਸਟੇਸ਼ਨ ਦੀ ਨੀਂਹ ਰੱਖੀ ਸੀ। ਸੰਨ 1968 ਤਕ ਇਸ ਦੇ ਪੂਰੇ ਹੋਣ ਦਾ ਟੀਚਾ ਵੀ ਮਿੱਥਿਆ ਗਿਆ। ਫਿਰ ਕੋਟਾ ਵਿੱਚ ਕੈਨੇਡਾ ਦੀ ਮਦਦ ਨਾਲ ਪਰਮਾਣੂ ਸ਼ਕਤੀ ਸਟੇਸ਼ਨ ਅਤੇ ਬਾਹਰੀ ਮਦਦ ਤੋਂ ਬਗੈਰ ਮਦਰਾਸ ਲਾਗੇ ਕਲਪੱਕਮ ਵਿੱਚ ਪਰਮਾਣੂ ਊਰਜਾ ਘਰ ਬਣਨੇ ਸ਼ੁਰੂ ਹੋਏ।
ਉਸ ਦਾ 1941 ’ਚ ਰਾਇਲ ਸੁਸਾਇਟੀ ਲੰਡਨ ਦਾ ਮੈਂਬਰ ਬਣਨਾ, 1942 ’ਚ ਕੈਂਬਰਿਜ਼ ਵਿਸ਼ਵਵਿਦਿਆਲੇ ਤੋਂ ਐਡਨ ਪੁਰਸਕਾਰ ਮਿਲਣਾ, ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਵਜ਼ੀਰ ਬਣਾਉਣ ਦੀ ਪੇਸ਼ਕਸ਼ ਕਰਨੀ ਕੋਈ ਛੋਟੇ ਸਨਮਾਨ ਨਹੀਂ ਸਨ।
ਡਾ. ਭਾਬਾ ਨੇ ਕਿੰਨੀਆਂ ਹੀ ਖੋਜ ਪੁਸਤਕਾਂ ਲਿਖੀਆਂ। ਕੁਆਂਟਮ ਥਿਊਰੀ, ਐਲੀਮੈਂਟਰੀ ਫਿਜ਼ੀਕਲ ਪਾਰਟੀਕਲ ਅਤੇ ਕਾਸਮਿਕ ਵਿਕੀਰਨਾਂ ਉਸ ਦੀਆਂ ਪ੍ਰਚਲਿਤ ਖੋਜ ਪੁਸਤਕਾਂ ਹਨ। ਉਸ ਦੀਆਂ ਖੋਜਾਂ ਜ਼ਿਆਦਾਤਰ ਨਿਊਕਲੀਅਰ ਫਿਜ਼ਿਕਲ ਪਰਮਾਣੂ ਦੇ ਮੂਲ ਅਤੇ ਨਿੱਕੇ ਕਣ, ਕਾਸਮਿਕ ਵਿਕੀਰਨਾਂ ਦੇ ਖੇਤਰ ’ਚ ਸਨ। ਪਰਮਾਣੂ ਸ਼ਕਤੀ ਪੈਦਾ ਕਰਨ ਲਈ ਨਿਊਕਲੀ ਵਿਖੰਡਨ (Nuclear 6ission) ਅਤੇ ਨਿਊਕਲੀ ਸੰਯੋਜਨ (Nuclear 6usion) ਜੁਗਤਾਂ ’ਤੇ ਖੋਜ ਅਧਿਐਨ ਹੋਏ। ਜਦ ਯੂਰੇਨੀਅਮ ਦੇ ਪਰਮਾਣੂ ਉਤੇ ਨਿਊਟਰਾਨ ਗੋਲੀ ਵਾਂਗ ਟਕਰਾਉਣ, ਇਸ ਤੋਂ ਦੋ ਨਿਊਕਲਸ ਬੇਰੀਅਮ ਅਤੇ ਕ੍ਰਿਪਟਾਨ ਬਣਨ ਅਤੇ ਢੇਰਾਂ ਪਰਮਾਣੂ ਸ਼ਕਤੀ ਉਪਜਦੀ ਹੈ। ਇਸ ਜੁਗਤ ’ਚ ਦੋ ਊਣਤਾਈਆਂ ਜਾਪੀਆਂ: ਇੱਕ ਤਾਂ ਯੂਰੇਨੀਅਮ ਨੇ ਆਖਰ ਖ਼ਤਮ ਹੋ ਜਾਣਾ ਹੈ। ਦੂਜਾ ਪਰਮਾਣੂ ਵਿਖੰਡਨ ਦੀ ਰਹਿੰਦ-ਖੂੰਹਦ ਬੜੀ ਖ਼ੌਫ਼ਨਾਕ ਅਤੇ ਨੁਕਸਾਨਦੇਹ ਹੁੰਦੀ ਹੈ। ਜ਼ਹਿਰਾਂ ਭਰੀ, ਦਮ ਘੁਟਣ ਵਾਲੀ ਅਤੇ ਮਾਰੂ। ਇਸ ਨੂੰ ਕਿੱਥੇ ਸੁੱਟੀਏ? ਕਿੰਝ ਸਮੇਟੀਏ? ਇਹ ਵਿਸ਼ਵਵਿਆਪੀ ਸਮੱਸਿਆ ਹੈ। ਪਰਮਾਣੂ ਊਰਜਾ ਪੈਦਾ ਕਰਨ ਦੀ ਦੂਜੀ ਜੁਗਤ ਲਈ ਦਸ ਲੱਖ ਦਰਜੇ ਸੈਂਟੀਗਰੇਡ ਧਰਤੀ ਉਤੇ ਤਾਪਮਾਨ ਕਿਵੇਂ ਪੈਦਾ ਕੀਤਾ ਜਾਵੇ? ਇਨ੍ਹਾਂ ਕੋਸ਼ਿਸ਼ਾਂ ’ਚ ਜੁਟੇ ਨੇ ਵਿਗਿਆਨੀ।
ਪਰਮਾਣੂ ਸ਼ਕਤੀ ਪੈਦਾ ਕਰਨ ਲਈ ਰਾਹ ਤਿਆਰ ਕਰਕੇ ਡਾ. ਹੋਮੀ ਜਹਾਂਗੀਰ ਭਾਬਾ ਅੰਤ 24 ਜਨਵਰੀ 1966 ਦੀ ਰਾਤ ਮਾਊਂਟ ਬਲੈਂਕ ਚੋਟੀ ਨੇੜੇ ਇੱਕ ਹਵਾਈ ਹਾਦਸੇ ਵਿੱਚ ਸਾਥੋਂ ਸਦਾ ਲਈ ਵਿਛੜ ਗਿਆ। ਉਹ ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਵੀਆਨਾ (ਆਸਟਰੀਆ) ਵਿਖੇ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹਿਾ ਸੀ। ਇਸ ਜਹਾਜ਼ ਦੇ ਸਾਰੇ ਯਾਤਰੀ ਧੁੰਦ ਕਾਰਨ ਹੋਏ ਹਾਦਸੇ ਦੀ ਭੇਟ ਚੜ੍ਹ ਗਏ ਸਨ।
ਉਸ ਦੇ ਸਿੱਖਿਅਤ ਕੀਤੇ ਨੌਜਵਾਨ ਵਿਗਿਆਨੀਆਂ ਨੇ ਉਸ ਦੀ ਮੌਤ ਤੋਂ ਬਾਅਦ ਪਰਮਾਣੂ ਸ਼ਕਤੀ ਖੋਜ ਕਾਰਜ ਅਗਾਂਹ ਤੋਰ ਲਏ ਸਨ। ਸੰਨ 1974 ’ਚ ਭਾਰਤ ਵੱਲੋਂ ਜ਼ਮੀਨ ਥੱਲੇ ਕੀਤੇ ਪਰਮਾਣੂ ਧਮਾਕੇ ਦੀ ਸਫ਼ਲਤਾ ਦਾ ਸਿਹਰਾ ਅਸਲ ਵਿੱਚ ਡਾ. ਭਾਬਾ ਸਿਰ ਹੀ ਬੱਝਦਾ ਹੈ।
ਡਾ. ਭਾਬਾ ਦੇ ਦੇਹਾਂਤ ਤੋਂ ਬਾਅਦ 155“ ਦਾ ਨਾਂ ਬਦਲ ਕੇ ਭਾਬਾ ਪਰਮਾਣੂ ਖੋਜ ਕੇਂਦਰ ਰੱਖ ਦਿੱਤਾ ਗਿਆ। ਉਨ੍ਹਾਂ ਦੇ ਨਾਂ ’ਤੇ ਡਾਕ ਟਿਕਟਾਂ ਵੀ ਜਾਰੀ ਹੋਈਆਂ। ਇੰਡੀਅਨ ਨੈਸ਼ਨਲ ਵਿਗਿਆਨੀ ਅਕਾਦਮੀ ਨੇ ‘ਹੋਮੀ ਜਹਾਂਗੀਰ ਭਾਬਾ ਪੁਰਸਕਾਰ’ ਦੇਣਾ ਆਰੰਭ ਕੀਤਾ। ਕਿੰਨਾ ਸੋਹਣਾ ਸੁਪਨਾ ਲਿਆ ਸੀ ਉਸ ਨੇ ਕਿ ਪਰਮਾਣੂ ਸ਼ਕਤੀ ਜੇ ਵਿਨਾਸ਼ ਦਾ ਰਾਹ ਛੱਡ ਕੇ, ਲੋਕ ਭਲਾਈ ਲਈ ਵਰਤੀ ਜਾਵੇ ਤਾਂ ਧਰਤੀ ਜੰਨਤ ਬਣ ਜਾਵੇ। ਕਾਸ਼! ਹੈਂਕੜਬਾਜ਼ ਮੁਲਕ, ਉਸ ਦੀ ਸੋਚ ਉੱਤੇ ਪਹਿਰਾ ਦੇ ਸਕਣ।

– ਪ੍ਰਿੰ. ਹਰੀ ਕ੍ਰਿਸ਼ਨ ਮਾਇਰ
* ਮੋਬਾਈਲ: 97806-67686

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

73rd amendment (24 April 1993) helped in decentralization of political power to the grassroots level- Vijay Gupta

Every year April 24 is being observed as National Panchayati Raj (PR) Diwas across India. This day marks the passing of the Constitution (73rd Amendment) Act, 1992 that came into


Print Friendly
Important Days0 Comments

ਨੌਜਵਾਨਾਂ ਦੇ ਪ੍ਰੇਰਣਾ ਸ੍ਰੋਤ ਚੰਦਰ ਸ਼ੇਖਰ ਆਜ਼ਾਦ – ਅੱਜ 23 ਜੁਲਾਈ ਜਨਮ ਦਿਨ ਤੇ ਵਿਸ਼ੇਸ਼

ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਅਹਿਮ ਯੋਗਦਾਨ ਪਾਉਣ ਵਾਲੇ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਜਨਮਦਿਨ ਹੈ। ਆਜ਼ਾਦ ਦਾ ਜਨਮ ਹੱਦ ਦਰਜੇ ਦੀ ਗਰੀਬੀ, ਅਗਿਆਨਤਾ, ਅੰਧਵਿਸ਼ਵਾਸ਼ ਅਤੇ ਧਾਰਮਿਕ ਕੱਟੜਤਾ ‘ਚ


Print Friendly
Important Days0 Comments

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ – (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਔਖੇ ਸਮੇਂ ਤੋਂ ਨਿਕਲ ਕੇ ਆਪਣਾ ਜੀਵਨ ਸੰਵਾਰਨਾ ਤਾਂ ਹਰ ਕੋਈ ਚਾਹੁੰਦਾ ਹੈ, ਆਪਣੀ ਖੁਸ਼ੀਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਹਰ ਕੋਈ ਲੜ ਲੈਂਦਾ ਹੈ ਪਰ ਬਾਬਾ ਸਾਹਿਬ ਡਾ.


Print Friendly