Print Friendly
ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦਿਵਸ ਤੇ ਵਿਸ਼ੇਸ਼ – 24 ਅਕਤੂਬਰ

ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦਿਵਸ ਤੇ ਵਿਸ਼ੇਸ਼ – 24 ਅਕਤੂਬਰ

ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ, ਤਾਂਕਿ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਕ ਵਿਕਾਸ, ਅਤੇ ਸਾਮਾਜਕ ਨਿਰਪਖਤਾ ਵਿੱਚ ਸਹਿਯੋਗ ਸਰਲ ਹੋ ਸਕੇ। ਇਹ ਸਥਾਪਨਾ ਸੰਯੁਕਤ ਰਾਸ਼ਟਰ ਅਧਿਕਾਰ-ਪੱਤਰ ਉੱਤੇ 51 ਦੇਸ਼ਾਂ ਦੇ ਹਸਤਾਖਰ ਹੋਣ ਦੇ ਨਾਲ ਹੋਈ।
ਦੂਜਾ ਵਿਸ਼ਵ ਯੁੱਧ ਦੇ ਜੇਤੂ ਦੇਸ਼ਾਂ ਨੇ ਮਿਲਕੇ ਸੰਯੁਕਤ ਰਾਸ਼ਟਰ ਨੂੰ ਅੰਤਰਾਸ਼ਟਰੀ ਸੰਘਰਸ਼ ਵਿੱਚ ਦਖਲ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤਾ ਸੀ। ਉਹ ਚਾਹੁੰਦੇ ਸਨ ਕਿ ਭਵਿੱਖ ਵਿੱਚ ਫਿਰ ਕਦੇ ਦੂਜਾ ਵਿਸ਼ਵ ਯੁੱਧ ਦੀ ਤਰ੍ਹਾਂ ਦੇ ਯੁੱਧ ਨਹੀਂ ਛਿੜ ਪਵੇ। ਸੰਯੁਕਤ ਰਾਸ਼ਟਰ ਦੀ ਸੰਰਚਨਾ ਵਿੱਚ ਸੁਰੱਖਿਆ ਪਰਿਸ਼ਦ ਵਾਲੇ ਸਭ ਤੋਂ ਸ਼ਕਤੀਸ਼ਾਲੀ ਦੇਸ਼ (ਸੰਯੁਕਤ ਰਾਜ ਅਮਰੀਕਾ, ਫਰਾਂਸ, ਰੂਸ, ਚੀਨ, ਅਤੇ ਸੰਯੁਕਤ ਬਾਦਸ਼ਾਹੀ) ਦੂਜਾ ਵਿਸ਼ਵ ਯੁੱਧ ਵਿੱਚ ਬਹੁਤ ਅਹਿਮ ਦੇਸ਼ ਸਨ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਸਾਰ ਦੀਆਂ ਪ੍ਰਮੁੱਖ ਸ਼ਕਤੀਆਂ ਨੇ ਕੌਮਾਂਤਰੀ ਪੱਧਰ ’ਤੇ ਸ਼ਾਂਤੀ ਸਥਾਪਤ ਕਰਨ ਦੇ ਉਦੇਸ਼ ਨਾਲ ਇੱਕ ਸ਼ਕਤੀਸ਼ਾਲੀ ਸੰਸਥਾ ਦੀ ਸਥਾਪਨਾ ਕਰਨ ਬਾਰੇ ਸੋਚਿਆ। ਨਤੀਜੇ ਵਜੋਂ 24 ਅਕਤੂਬਰ 1945 ਨੂੰ ‘ਸੰਯੁਕਤ ਰਾਸ਼ਟਰ ਸੰਘ’ ਹੋਂਦ ਵਿੱਚ ਆਇਆ। ਸ਼ੁਰੂ-ਸ਼ੁਰੂ ਵਿੱਚ ਸਿਰਫ਼ 51 ਦੇਸ਼ ਹੀ ਇਸ ਦੇ ਮੈਂਬਰ ਸਨ ਪਰ ਅੱਜ ਇਨ੍ਹਾਂ ਦੀ ਗਿਣਤੀ 193 ਤਕ ਪੁੱਜ ਚੁੱਕੀ ਹੈ। ਸੰਯੁਕਤ ਰਾਸ਼ਟਰ ਸੰਘ ਨੂੰ ਸਥਾਪਤ ਕਰਨ ਵੇਲੇ ਇਸ ਰਾਹੀਂ ਵਿਸ਼ਵ ਵਿੱਚ ਸ਼ਾਂਤੀ ਕਾਇਮ ਰੱਖਣ ਦਾ ਸੁਪਨਾ ਲਿਆ ਗਿਆ ਸੀ ਜੋ ਕਾਫ਼ੀ ਹਦ ਤਕ ਪੂਰਾ ਵੀ ਹੋਇਆ ਹੈ। ਸੰਯੁਕਤ ਰਾਸ਼ਟਰ ਸੰਘ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫ਼ਲ ਰਿਹਾ ਹੈ ਪਰ ਇਸ ਨੂੰ ਅਜੇ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 14 ਅਗਸਤ 1941 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਰੂਜਵੈਲਟ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਚਰਚਿਲ ਨੇ ਦੂਜੇ ਵਿਸ਼ਵ ਯੁੱਧ ਸਬੰਧੀ ਚਾਰਟਰ ਤਿਆਰ ਕੀਤਾ ਸੀ ਜਿਸ ਵਿੱਚ ਕਿਸੇ ਵੀ ਦੇਸ਼ ਦੀ ਸੁਤੰਤਰਤਾ ਅਤੇ ਸ਼ਾਸਨ ਪ੍ਰਣਾਲੀ ਵਿੱਚ ਦਖ਼ਲ ਨਾ ਦੇਣ ਦੀ ਗੱਲ ਕੀਤੀ ਗਈ ਸੀ। ਕੁਝ ਮਹੀਨਿਆਂ ਬਾਅਦ ਆਪਸੀ ਸਹਿਯੋਗ ਸਬੰਧੀ ਵੀ ਐਲਾਨ ਕੀਤਾ ਗਿਆ। ਸੰਯੁਕਤ ਰਾਸ਼ਟਰ ਸੰਘ ਦੇ ਉਦੇਸ਼ਾਂ ਦੀ ਗੱਲ ਕਰਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦਾ ਮੁੱਖ ਉਦੇਸ਼ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਸਥਾਪਤ ਕਰਨਾ ਤੇ ਵੱਖ-ਵੱਖ ਦੇਸ਼ਾਂ ਵਿੱਚ ਮਿੱਤਰਤਾਪੂਰਨ ਸਬੰਧ ਸਥਾਪਤ ਕਰਨਾ ਸੀ। ਕੌਮਾਂਤਰੀ ਪੱਧਰ ’ਤੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸਮੱਸਿਆਵਾਂ ਨੂੰ ਆਪਸੀ ਮਿਲਵਰਤਨ ਨਾਲ ਹੱਲ ਕਰਨਾ ਤੇ ਅੰਤਰ-ਰਾਸ਼ਟਰੀ ਸ਼ਾਂਤੀ ਭੰਗ ਕਰਨ ਜਾਂ ਯੁੱਧ ਛੇੜਨ ਵਾਲੇ ਦੇਸ਼ਾਂ ਵਿਰੁੱਧ ਉਚਿਤ ਕਾਰਵਾਈ ਕਰਨਾ ਵੀ ਇਸ ਸੰਘ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਕੋਈ ਵੀ ਸ਼ਾਂਤੀ-ਪਸੰਦ ਦੇਸ਼, ਜੋ ਇਸ ਦੇ ਚਾਰਟਰ ਦੀਆਂ ਸ਼ਰਤਾਂ ਨੂੰ ਮੰਨਦਾ ਹੋਵੇ, ਇਸ ਦਾ ਮੈਂਬਰ ਬਣ ਸਕਦਾ ਹੈ, ਸੁਰੱਖਿਆ ਪ੍ਰੀਸ਼ਦ ਦੀ ਸਿਫ਼ਾਰਸ਼ ’ਤੇ ਕਿਸੇ ਵੀ ਰਾਜ ਨੂੰ ਮਹਾਂਸਭਾ ਸੰਯੁਕਤ ਰਾਸ਼ਟਰ ਵਿੱਚ ਦਾਖ਼ਲ ਕਰ ਸਕਦੀ ਹੈ। ਇਸ ਸੰਘ ਦੇ ਪੰਜ ਦੇਸ਼ (ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਅਤੇ ਚੀਨ) ਸਥਾਈ ਮੈਂਬਰ ਹਨ। ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਦਫ਼ਤਰ ਨਿਊਯਾਰਕ ਵਿਖੇ ਹੈ। ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਿਕ ਭਾਸ਼ਾਵਾਂ ਹਨ: ਅਰਬੀ, ਚੀਨੀ, ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਰੂਸੀ।
ਸੰਯੁਕਤ ਰਾਸ਼ਟਰ ਸੰਘ ਵਿਸ਼ਵ ਦੀ ਬਹੁਤ ਹੀ ਸ਼ਕਤੀਸ਼ਾਲੀ ਸੰਸਥਾ ਹੈ। ਇਸ ਨੂੰ ਚਲਾਉਣ ਲਈ ਇਸ ਦੇ ਕਈ ਹੋਰ ਮਹੱਤਵਪੂਰਨ ਅਦਾਰੇ ਵੀ ਹਨ ਜੋ ਇਸ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਸ ਦੀ ਹਰ ਸੰਭਵ ਮਦਦ ਕਰਦੇ ਹਨ। ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ, ਸੁਰੱਖਿਆ ਪਰਿਸ਼ਦ, ਅੰਤਰ-ਰਾਸ਼ਟਰੀ ਅਦਾਲਤ ਤੇ ਸਕੱਤਰੇਤ ਇਸ ਦੇ ਅੰਗ ਹਨ। ਚਾਰਟਰ ਅਤੇ ਅੰਤਰ-ਰਾਸ਼ਟਰੀ ਸ਼ਾਂਤੀ ਨਾਲ ਸਬੰਧਤ ਸਾਰੇ ਮਾਮਲੇ ਮਹਾਂਸਭਾ ਦੇ ਅਧੀਨ ਆਉਂਦੇ ਹਨ। ਵਿਸ਼ਵ ਦੇ ਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਆਰਥਿਕ ਤੇ ਸਮਾਜਿਕ ਪਰਿਸ਼ਦ ਕੰਮ ਕਰਦੀ ਹੈ। ਇਸ ਦੇ ਅਧੀਨ ਅੰਤਰਰਾਸ਼ਟਰੀ ਮਜ਼ਦੂਰ ਸੰਘ, ਸੰਯੁਕਤ ਰਾਸ਼ਟਰੀ ਸਿੱਖਿਆ ਵਿਗਿਆਨ ਅਤੇ ਸੰਸਕ੍ਰਿਤੀ ਸੰਗਠਨ (ਯੂਨੈਸਕੋ), ਵਿਸ਼ਵ ਸਿਹਤ ਸੰਗਠਨ ਆਦਿ ਆਉਂਦੇ ਹਨ। ਦੇਸ਼ਾਂ ਦੇ ਆਪਸੀ ਮਸਲਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ। ਇਸ ਤਰ੍ਹਾਂ ਹਰ ਅਦਾਰਾ ਆਪਣੇ-ਆਪਣੇ ਤਰੀਕੇ ਨਾਲ ਸੰਯੁਕਤ ਰਾਸ਼ਟਰ ਸੰਘ ਦੀ ਮਦਦ ਕਰਦਾ ਹੈ।
ਸੰਯੁਕਤ ਰਾਸ਼ਟਰ ਸੰਘ ਨੂੰ ਸਥਾਪਤ ਹੋਇਆਂ ਅੱਜ ਤਕਰੀਬਨ 71 ਸਾਲ ਹੋ ਚੁੱਕੇ ਹਨ। ਇਸ ਨੇ ਵਿਸਵ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ੌਜੇਕਰ ਰਾਜਨੀਤਕ ਖੇਤਰ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨੇ ਮਾਰਚ 1946 ਵਿੱਚ ਸੋਵੀਅਤ ਸੰਘ-ਇਰਾਨ ਦੇ ਆਪਸੀ ਮਸਲਿਆਂ ਨੂੰ ਸੁਲਝਾਇਆ ਸੀ। ਸੰਨ 1965 ਦਾ ਭਾਰਤ-ਪਾਕਿਸਤਾਨ ਯੁੱਧ ਬੰਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ ਸੀ। ਇਸੇ ਤਰ੍ਹਾਂ ਕਈ ਹੋਰ ਦੇਸ਼ਾਂ ਦੇ ਆਪਸੀ ਯੁੱਧਾਂ ਅਤੇ ਝਗੜਿਆਂ ਨੂੰ ਵੀ ਕਾਫ਼ੀ ਹੱਦ ਤਕ ਸੁਲਝਾਉਣ ਵਿੱਚ ਇਹ ਸੰਘ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਸਮਾਜਿਕ ਖੇਤਰ ਵਿੱਚ ਵੀ ਇਸ ਨੇ ਕਈ ਭਲਾਈ ਦੇ ਕੰਮ ਕੀਤੇ ਹਨ। ਇਸ ਸੰਘ ਦੇ ਅਦਾਰੇ ਯੂਨੈਸਕੋ ਨੇ ਪਿਛੜੇ ਹੋਏ ਦੇਸ਼ਾਂ ਵਿੱਚ ਸਿੱਖਿਆ ਅਤੇ ਵਿਗਿਆਨ ਦੀ ਤਰੱਕੀ ਲਈ ਬਹੁਤ ਸਹਾਇਤਾ ਕੀਤੀ ਹੈ। ਆਰਥਿਕ ਮਸਲਿਆਂ ਸਬੰਧੀ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਸ ਦੇ ਵਿਸ਼ਵ ਬੈਂਕ ਨੇ ਬਹੁਤ ਸਾਰੇ ਆਰਥਿਕ ਪੱਖੋਂ ਕਮਜ਼ੋਰ ਦੇਸ਼ਾਂ ਦੀ ਸਹਾਇਤਾ ਕੀਤੀ ਹੈ। ਇਸ ਤੋਂ ਬਿਨਾਂ ਕਈ ਹੋਰ ਖੇਤਰਾਂ ਵਿੱਚ ਵੀ ਇਸ ਨੇ ਮੱਲਾਂ ਮਾਰੀਆਂ ਹਨ। ਇਨ੍ਹਾਂ ਅਦਾਰਿਆਂ ਤੋਂ ਬਿਨਾਂ ਇਸ ਦੇ ਕਈ ਹੋਰ ਅਦਾਰੇ ਜਿਵੇਂ ਅੰਤਰਰਾਸ਼ਟਰੀ ਮਜ਼ਦੂਰ ਸੰਘ, ਅੰਤਰਰਾਸ਼ਟਰੀ ਮੁਦਰਾ ਕੋਸ਼, ਅੰਤਰਰਾਸ਼ਟਰੀ ਫਾਈਨੈਂਸ ਕਾਰਪੋਰੇਸ਼ਨ, ਯੂਨੀਵਰਸਲ ਪੋਸਟਲ ਯੂਨੀਅਨ ਆਦਿ ਅਦਾਰਿਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਮੁੱਖ ਦਫ਼ਤਰ ਹਨ।
ਸੰਯੁਕਤ ਰਾਸ਼ਟਰ ਸੰਘ ਨੇ ਹੁਣ ਤਕ ਕਈ ਮਹੱਤਵਪੂਰਨ ਕੰਮ ਕੀਤੇ ਹਨ ਪਰ ਫਿਰ ਵੀ ਇਸ ਦਾ ਰਾਹ ਐਨਾ ਸੌਖਾ ਨਹੀਂ ਹੈ। ਇਸ ਦੇ ਰਾਹ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਿਰ ਕੱਢੀ ਖੜ੍ਹੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰਨ ਦੀ ਲੋੜ ਹੈ। ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦੀ ਮੁੱਖ ਸਮੱਸਿਆ ਇਸ ਸੰਘ ਦੇ ਪੰਜ ਸਥਾਈ ਮੈਂਬਰ ਦੇਸ਼ ਹੀ ਹਨ ਕਿਉਂਕਿ ਇਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ, ਜਿਨ੍ਹਾਂ ਦੀ ਇਹ ਅਕਸਰ ਹੀ ਨਾਜਾਇਜ਼ ਵਰਤੋਂ ਕਰਦੇ ਹਨ। ਭਾਰਤੀ ਸਰਹੱਦ ਅੰਦਰ ਚੀਨੀ ਫ਼ੌਜ ਦਾ ਤਕਰੀਬਨ ਰੋਜ਼ਾਨਾ ਹੀ ਆ ਜਾਣਾ ਇਸ ਦੀ ਤਾਜ਼ਾ ਮਿਸਾਲ ਹੈ। ਸਾਡੀ ਸਰਕਾਰ ਕੁਝ ਵੀ ਕਰਨ ਤੋਂ ਪੂਰੀ ਤਰਾਂ ਅਸਮਰੱਥ ਹੈ। ਇਹ ਸਥਾਈ ਮੈਂਬਰ ਆਪਣੀ ਆਰਥਿਕਤਾ ਅਤੇ ਫ਼ੌਜੀ ਤਾਕਤ ਦੇ ਨਸ਼ੇ ਵਿੱਚ ਚੂਰ ਹਨ ਅਤੇ ਕਮਜ਼ੋਰ ਦੇਸ਼ਾਂ ਨੂੰ ਹਮੇਸ਼ਾਂ ਤੋਂ ਹੀ ਦਬਾਉਂਦੇ ਆ ਰਹੇ ਹਨ। ਇਸ ਸੰਗਠਨ ਦਾ ਆਧਾਰ ਵੀ ਪੂਰੀ ਤਰ੍ਹਾਂ ਲੋਕਤੰਤਰੀ ਨਹੀਂ ਹੈ।
ਅੱਜ ਭਾਰਤ ਵਿੱਚ ਅਤਿਵਾਦ ਇੱਕ ਭਖ਼ਦਾ ਮਸਲਾ ਹੈ। ਕੋਈ ਵੀ ਦੇਸ਼ ਇਸ ਤੋਂ ਅਣਭਿੱਜ ਨਹੀਂ ਰਿਹਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਵਿੱਚ ਅਤਿਵਾਦੀ ਹਮਲਾ ਅਖ਼ਬਾਰਾਂ ਦੀ ਸੁਰਖ਼ੀ ਬਣਦਾ ਹੈ। ਕਿੰਨੇ ਹੀ ਲੋਕ ਅਜਾਈਂ ਮਾਰੇ ਜਾ ਰਹੇ ਹਨ। ਕਈ ਦੇਸ਼ਾਂ ਨੂੰ ‘ਅਤਿਵਾਦੀ ਮੁਲਕ’ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਸੰਘ ਉਨ੍ਹਾਂ ਪ੍ਰਤੀ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਨਾਕਾਮਯਾਬ ਰਿਹਾ ਹੈ। ਅਮਰੀਕਾ ਉੱਤੇ 11 ਸਤੰਬਰ 2011 ਦਾ ਹਮਲਾ, ਭਾਰਤੀ ਸੰਸਦ ’ਤੇ 13 ਦਸੰਬਰ 2001 ਦਾ ਹਮਲਾ, ਮੁੰਬਈ ’ਤੇ 26 ਨਵੰਬਰ 2008 ਦਾ ਹਮਲਾ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਹਮਲੇ ਹੋ ਚੁੱਕੇ ਹਨ ਪਰ ਸਿਰਫ਼ ਕਾਗ਼ਜ਼ੀ ਕਾਰਵਾਈ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਦੇ ਬਹੁਤੇ ਮੈਂਬਰ ਦੇਸ਼ ਆਰਥਿਕ ਪੱਖੋਂ ਕਮਜ਼ੋਰ ਹਨ ਜਿਨ੍ਹਾਂ ਦੀ ਆਰਥਿਕ ਸਹਾਇਤਾ ਨਹੀਂ ਹੋ ਸਕੀ ਜਾਂ ਨਹੀਂ ਹੋ ਰਹੀ। ਵਿਸ਼ਵ ਬੈਂਕ ਵੀ ਵਿੱਤੀ ਸਰੋਤਾਂ ਦੀ ਘਾਟ ਸਬੰਧੀ ਬਿਆਨ ਦਿੰਦਾ ਰਹਿੰਦਾ ਹੈ। ਸੰਯੁਕਤ ਰਾਸ਼ਟਰ ਦੇ ਫ਼ੈਸਲੇ ਵੀ ਪ੍ਰਸਤਾਵ ਦਾ ਹੀ ਇੱਕ ਰੂਪ ਹੁੰਦੇ ਹਨ ਜਿਨ੍ਹਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਦੇ ਫ਼ੈਸਲਿਆਂ ਨੂੰ ਅਕਸਰ ਹੀ ਕਈ ਦੇਸ਼ ਲਾਗੂ ਨਹੀਂ ਕਰਦੇ। ਇਸ ਦੀ ਆਪਣੀ ਸਥਾਈ ਸੈਨਾ ਨਹੀਂ ਹੈ ਜੋ ਕਿ ਇਸ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸੰਯੁਕਤ ਰਾਸ਼ਟਰ ਸੰਘ ਇੱਕ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਸੰਸਥਾ ਹੈ। ਭਾਵੇਂ ਇਸ ਵਿੱਚ ਕਈ ਕਮੀਆਂ ਹਨ ਪਰ ਫਿਰ ਵੀ ਇਹ ਅੱਜ ਦੇ ਸਮੇਂ ਦੀ ਲੋੜ ਹੈ। ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦਾ ਹੈ। ਇਸ ਦੀਆਂ ਕਮੀਆਂ ਨੂੰ ਦੂਰ ਕਰ ਕੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ – (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਔਖੇ ਸਮੇਂ ਤੋਂ ਨਿਕਲ ਕੇ ਆਪਣਾ ਜੀਵਨ ਸੰਵਾਰਨਾ ਤਾਂ ਹਰ ਕੋਈ ਚਾਹੁੰਦਾ ਹੈ, ਆਪਣੀ ਖੁਸ਼ੀਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਹਰ ਕੋਈ ਲੜ ਲੈਂਦਾ ਹੈ ਪਰ ਬਾਬਾ ਸਾਹਿਬ ਡਾ.


Print Friendly
Important Days0 Comments

ਵਿਸ਼ਵ ਵਿਰਾਸਤ ਦਿਵਸ (18 ਅਪਰੈਲ) ਤੇ ਵਿਸ਼ੇਸ਼

ਵਿਰਾਸਤ ਸਾਡੇ ਅਤੀਤ ਦੀ ਉਹ ਸੰਪਤੀ ਹੈ,ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦੇ ਹਾਂ । ਸਾਡੀ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੋਵੇਂ


Print Friendly
Important Days0 Comments

ਦੁਨੀਆਂ ਦਾ ਮਹਾਨ ਭੌਤਿਕ ਵਿਗਿਆਨੀ – ਅਲਬਰਟ ਆਈਨਸਟਾਈਨ ( 14 ਮਾਰਚ ਜਨਮ ਦਿਨ ‘ਤੇ ਵਿਸ਼ੇਸ਼ )

‘‘ਅਲਬਰਟ, ਅਲਬਰਟ ਓਏ ਸੁਸਤ ਕੁੱਤਿਆ, ਤੇਰਾ ਪੜ੍ਹਾਈ ਵਿੱਚ ਉੱਕਾ ਹੀ ਧਿਆਨ ਨਹੀਂ।’’ ਇਹ ਸ਼ਬਦ, ਗਣਿਤ ਪ੍ਰੋਫੈਸਰ ਦੇ ਉਸ ਮਹਾਨ ਵਿਅਕਤੀ ਬਾਰੇ ਸਨ ਜੋ ਦੁਨੀਆ ਦੇ ਉਨ੍ਹਾਂ ਤਿੰਨ ਯਹੂਦੀਆਂ ਵਿੱਚੋਂ ਇੱਕ


Print Friendly