Print Friendly
ਮਹਾਂਰਿਸ਼ੀ ਵਾਲਮੀਕਿ ਦਾ ਜੀਵਨ ਸਾਡੇ ਲਈ ਪ੍ਰੇਰਣਾ ਸ੍ਰੋਤ – 24 ਅਕਤੂਬਰ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼

ਮਹਾਂਰਿਸ਼ੀ ਵਾਲਮੀਕਿ ਦਾ ਜੀਵਨ ਸਾਡੇ ਲਈ ਪ੍ਰੇਰਣਾ ਸ੍ਰੋਤ – 24 ਅਕਤੂਬਰ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼

ਮਹਾਂਰਿਸ਼ੀ ਵਾਲਮੀਕਿ ਦੇ ਜੀਵਨ ਅਤੇ ਰਚਨਾ ਕਾਲ ਬਾਰੇ ਵਧੇਰੇ ਤੇ ਸਹੀ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ। ਇਕ ਮੱਤ ਅਨੁਸਾਰ ਭ੍ਰਿਗੂ ਵੰਸ਼ ਦੇ ਰਚੇਤਾ ਦੇ ਪੁੱਤਰ ਸਨ ਤੇ ਜਾਤ ਦੇ ਬ੍ਰਾਹਮਣ ਸਨ। ਉਨ੍ਹਾਂ ਦਾ ਮੁੱਢਲਾ ਨਾਂ ਰਤਨਾਕਰ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੀ ਅਲ੍ਹੜ ਉਮਰ ਦੇ ਵਿੱਚ ਰਤਨਾਕਰ ਇੱਕ ਜੰਗਲ ਵਿੱਚ ਗਏ ਅਤੇ ਭਟਕ ਗਏ। ਇੱਕ ਸ਼ਿਕਾਰੀ ਨੇ ਰਤਨਾਕਰ ਨੂੰ ਜੰਗਲ ਵਿੱਚ ਇੱਧਰ ਉੱਧਰ ਘੁੰਮਦੇ ਵੇਖਿਆ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਪਾਲਣ ਪੋਸ਼ਣ ਕੀਤਾ। ਸਮਾਂ ਆਪਣੀ ਚਾਲ ਚਲਦਾ ਰਿਹਾ। ਰਤਨਾਕਰ ਦਾ ਪਾਲਣ ਪੋਸ਼ਣ ਇੱਕ ਸ਼ਿਕਾਰੀ ਪਰਿਵਾਰ ਵੱਲੋਂ ਹੋਣ ਕਰਕੇ ਉਹ ਹੋਲੀ-ਹੋਲੀ ਖੁਦ ਆਪ ਸ਼ਿਕਾਰੀ ਦੇ ਰੂਪ ਵਿੱਚ ਵੱਡੇ ਹੋਏ ਅਤੇ ਆਪਣੇ ਅਸਲ ਮਾਤਾ-ਪਿਤਾ ਅਤੇ ਬੀਤੇ ਕਲ੍ਹ ਨੂੰ ਬਿੱਲਕੁਲ ਭੁੱਲ ਗਏ। ਸਮਾਂ ਬੀਤਣ ਤੇ ਉਨ੍ਹਾਂ ਦਾ ਵਿਆਹ ਸ਼ਿਕਾਰੀ ਪਰਿਵਾਰ ਦੀ ਹੀ ਇੱਕ ਲੜਕੀ ਨਾਲ ਹੋਣ ਦੀ ਗੱਲ ਕਹੀ ਗਈ ਹੈ। ਪਰ ਹੁਣ ਸਿਰਫ ਸ਼ਿਕਾਰਪੁਣੇ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਸੀ, ਇਸ ਲਈ ਮਿਥਿਹਾਸ ਦੱਸਦਾ ਹੈ ਕਿ ਰਤਨਾਕਰ ਨੇ ਜੰਗਲ ਵਿੱਚੋਂ ਲੰਘਣ ਵਾਲੇ ਲੋਕਾਂ ਨਾਲ ਠੱਗੀਆਂ ਮਾਰਨਾ ਅਤੇ ਉਨ੍ਹਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।
ਇੱਕ ਦਿਨ ਉਸੇ ਜੰਗਲ ਵਿੱਚੋਂ ਮਹਾਨ ਸੰਤ ਨਾਰਦ ਮੁਨੀ ਲੰਘ ਰਹੇ ਸਨ ਤਾਂ ਉਨ੍ਹਾਂ ਉੱਪਰ ਰਤਨਾਕਰ ਨੇ ਲੁੱਟਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਜਦੋਂ ਨਾਰਦ ਮੁਨੀ ਨੇ ਆਪਣੀ ਗਿਆਨ ਦ੍ਰਿਸ਼ਟੀ ਨਾਲ ਉਨ੍ਹਾਂ ਦੇ ਪਿਛਲੇ ਜੀਵਨ ਤੇ ਝਾਤ ਮਾਰੀ ਤਾਂ ਉਨ੍ਹਾਂ ਨੂੰ ਰਤਨਾਕਰ ਉਪੱਰ ਬਹੁਤ ਤਰਸ ਆਇਆ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦਾ ਫੈਸਲਾ ਕਰ ਲਿਆ। ਉਨ੍ਹਾਂ ਨੇ ਉੱਥੇ ਬੈਠ ਕੇ ਰਤਨਾਕਰ ਦੇ ਸਾਹਮਣੇ ਆਪਣੀ ਵੀਨਾ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਪਰਮਾਤਮਾ ਦੀ ਪ੍ਰਸ਼ੰਸਾ ਵਿੱਚ ਭਜਨ ਗਾਉਣੇ ਆਰੰਭ ਕਰ ਦਿੱਤੇ। ਉਨ੍ਹਾਂ ਦੇ ਭਜਨਾਂ ਤੋਂ ਰਤਨਾਕਰ ਖਿੱਚੇ ਚਲੇ ਆਏ ਅਤੇ ਨਾਰਦ ਮੁਨੀ ਦੇ ਪ੍ਰਤੀ ਉਨ੍ਹਾਂ ਦਾ ਦਿਲ ਸ਼ਰਧਾ ਨਾਲ ਭਰ ਗਿਆ। ਨਾਰਦ ਮੁਨੀ ਨੇ ਫਿਰ ਰਤਨਾਕਰ ਤੋਂ ਪੁੱਛਿਆ ਕਿ ਉਨ੍ਹਾਂ ਨੇ ਇਸ ਕਿੱਤੇ ਦੀ ਚੋਣ ਕਿਉਂ ਕੀਤੀ ਜਿਹੜਾ ਉਸ ਲਈ ਕੇਵਲ ਪਾਪ ਕਮਾ ਰਿਹਾ ਹੈ। ਅੱਗੋਂ ਰਤਨਾਕਰ ਨੇ ਜਵਾਬ ਦਿੱਤਾ ਕਿ ਇਹ ਤਾਂ ਮੇਰਾ ਫਰਜ਼ ਹੈ, ਇਸ ਤਰ੍ਹਾਂ ਕਰਕੇ ਮੈਂ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ। ਨਾਰਦ ਨੇ ਫਿਰ ਪੁੱਛਿਆ ਕਿ ਜਿਹੜੇ ਪਰਿਵਾਰ ਵਾਸਤੇ ਤੁਸੀਂ ਇਹ ਠੱਗੀਆਂ ਕਰ ਰਹੇ ਹੋ, ਕੀ ਉਹ ਪਰਿਵਾਰਕ ਮੈਂਬਰ ਤੁਹਾਡੇ ਇਸ ਪਾਪ ਕਰਮ ਵਿੱਚ ਹਿੱਸੇਦਾਰ ਹੋਣਗੇ? ਤਾਂ ਰਤਨਾਕਰ ਨੇ ਨਾਰਦ ਮੁਨੀ ਨੂੰ ਬੇਨਤੀ ਕੀਤੀ ਕਿ ਇਹੀ ਸਵਾਲ ਮੈਨੂੰ ਆਪਦੇ ਪਰਿਵਾਰ ਤੋਂ ਪੁੱਛਣ ਦਿਓ ਅਤੇ ਮੇਰੇ ਆਉਣ ਤੱਕ ਤੁਸੀਂ ਇੱਥੋਂ ਜਾਣਾ ਨਹੀਂ। ਰਤਨਾਕਰ ਨੇ ਜਦੋਂ ਇਹੀ ਸਵਾਲ ਆਪਣੇ ਪਰਿਵਾਰਕ ਮੈ਼ਬਰਾਂ ਨੂੰ ਕੀਤਾ ਤਾਂ ਉਨ੍ਹਾਂ ਨੇ ਪਾਪ ਕਰਮ ਦਾ ਹਿੱਸਾ ਬਨਣ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਨਾਲ ਰਤਨਾਕਰ ਦੇ ਮਨ ਨੂੰ ਬੜਾ ਡੂੰਘਾ ਝਟਕਾ ਲੱਗਿਆ।
ਉਹ ਵਾਪਸ ਨਾਰਦ ਮੁਨੀ ਕੋਲ ਆਏ ਅਤੇ ਆਪਣੀ ਮੁਕਤੀ ਦਾ ਰਾਹ ਦੱਸਣ ਲਈ ਪ੍ਰਾਰਥਨਾ ਕੀਤੀ ਤ਼ਾਂ ਨਾਰਦ ਨੇ ਰਤਨਾਕਰ ਨੂੰ ‘ਰਾਮ’ ਦੇ ਪਵਿੱਤਰ ਨਾਂ ਦਾ ਉਨ੍ਹਾਂ ਦੇ ਵਾਪਸ ਆਉਣ ਤੱਕ ਜਪ ਕਰਨ ਦਾ ਉਪਦੇਸ਼ ਦਿੱਤਾ। ਰਤਨਾਕਰ ਨੇ ਨਾਰਦ ਮੁਨੀ ਦਾ ਆਗਿਆ ਦਾ ਪਾਲਣ ਕਰਦੇ ਹੋਏ ਧਿਆਨ ਮੁਦਰਾ ਵਿੱਚ ਬੈਠ ਕੇ ਰਾਮ ਨਾਮ ਦਾ ਨਿਰੰਤਰ ਉੱਚਾਰਣ ਕਰਨਾ ਆਰੰਭ ਕਰ ਦਿੱਤਾ। ਮਿਥਿਹਾਸ ਇਹ ਵੀ ਦੱਸਦਾ ਹੈ ਕਿ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਰਾਮ-ਰਾਮ ਦੀ ਥਾਂ ਮਰਾ-ਮਰਾ ਹੀ ਨਿਕਲਦਾ ਰਿਹਾ। ਸਾਲਾਂ ਦੇ ਸਾਲ ਗੁਜ਼ਰ ਗਏ ਜਪ ਕਰਦੇ ਹੋਏ ਪਰੰਤੂ ਰਤਨਾਕਰ ਨਹੀਂ ਉੱਠੇ। ਉਨ੍ਹਾਂ ਦੇ ਸਾਰੇ ਸਰੀਰ ਨੂੰ ਕੀੜੀਆਂ ਦੀਆਂ ਵੱਡੀਆਂ-2 ਚੱਟਾਨਾਂ ਦੁਆਰਾ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ।
ਆਖਰਕਾਰ ਕਈ ਸਾਲਾਂ ਬਾਅਦ ਨਾਰਦ ਮੁਨੀ ਵਾਪਸ ਪਰਤੇ ਤਾਂ ਉਹ ਰਤਨਾਕਰ ਦੀ ਦ੍ਰਿੜ ਇੱਛਾ ਸ਼ਕਤੀ ਤੇ ਵਿਸ਼ਵਾਸ ਨੂੰ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਨੇ ਰਤਨਾਕਰ ਦੇ ਸਰੀਰ ਤੋਂ ਕੀੜੀਆਂ ਦੀਆਂ ਚੱਟਾਨਾਂ ਸਾਫ ਕੀਤੀਆਂ ਅਤੇ ਖੁਸ਼ ਹੁੰਦੇ ਹੋਏ ਕਹਿਣ ਲੱਗੇ ਕਿ ਰਤਨਾਕਰ ਤੇਰੀ ਸਾਲਾਂ ਬੱਧੀ ਕੀਤੀ ਤੱਪਸਿਆ ਰੰਗ ਲਿਆਈ ਹੈ ਅਤੇ ਅੱਜ ਤੋਂ ਬਾਅਦ ਦੁਨੀਆਂ ਆਪ ਨੂੰ ਬ੍ਰਹਮ ਰਿਸ਼ੀ ਕਹਿ ਕੇ ਪੁਕਾਰੇਗੀ ਅਤੇ ਆਪ ਵਾਲਮੀਕਿ ਦੇ ਨਾਂ ਨਾਲ ਜਾਣੇ ਜਾਉਗੇ।
ਰਿਸ਼ੀ ਨਾਰਦ ਜੀ ਤੋਂ ਰਾਮ ਜੀ ਬਾਰੇ ਜਾਣ ਕੇ ਉਨ੍ਹਾਂ ਸ਼੍ਰੀ ਰਾਮ ਨੂੰ ਆਪਣੇ ਮਹਾਕਾਵਿ ਦਾ ਨਾਇਕ ਬਣਾਇਆ। ਸ਼੍ਰੀ ਰਾਮ ਜੀ ਨੇ ਇਸ ਸਮੇਂ ਰਾਵਣ ਦਾ ਸੰਘਾਰ ਕਰਕੇ ਮੁੜ ਆਪਣਾ ਰਾਜ ਸਥਾਪਤ ਕਰ ਚੁੱਕੇ ਸਨ। ਇਕ ਹੋਰ ਕਥਾ ਅਨੁਸਾਰ ਇਕ ਵਾਰ ਵਾਲਮੀਕਿ ਜੀ ਨੇ ਪੰਛੀ ਨੂੰ ਇਕ ਸ਼ਿਕਾਰੀ ਹੱਥੀਂ ਮਰਦੇ ਡਿੱਠਾ। ਮਾਦਾ ਪੰਛੀ ਵੱਲੋਂ ਆਪਣੇ ਪ੍ਰੇਮੀ ਦੇ ਵਿਛੋੜੇ ਦੇ ਵਿਰਲਾਪ ਨਾਲ ਵਾਲਮੀਕਿ ਜੀ ਦੇ ਦਿਲ ਵਿਚ ਇਕ ਪੀੜਾ ਉੱਠੀ ਜੋ ਕਵਿਤਾ ਦੇ ਰੂਪ ਵਿਚ ਪ੍ਰਗਟ ਹੋ ਕੇ ਰਾਮਾਇਣ ਬਣ ਗਈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਅਨੁਸਾਰ ਵਾਲਮੀਕਿ ਜੀ ਬੁੰਦੇਲਖੰਡ ਦੇ ਚਿੱਤਰ ਕੂਟ ਪਹਾੜ ’ਤੇ ਨਿਵਾਸ ਕਰਦੇ ਸਨ ਜਦੋਂ ਸੀਤਾ ਗਰਭਵਤੀ ਹਾਲਤ ਵਿਚ ਉਨ੍ਹਾਂ ਪਾਸ ਆਈ ਸੀ ਅਤੇ ਇਥੇ ਹੀ ਉਨ੍ਹਾਂ ਨੇ ਆਪਣੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ ਸੀ।
ਰਾਮਾਇਣ ਦੇ ਰਚਨਾ ਕਾਲ ਬਾਰੇ ਵੀ ਵਿਦਵਾਨਾਂ ਨੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਸਨ। ਬਹੁਤੇ ਵਿਦਵਾਨ ਇਸ ਨੂੰ ਸਾਢੇ ਪੰਜ ਹਜ਼ਾਰ ਸਾਲ ਪੁਰਾਣਾ ਗ੍ਰੰਥ ਦੱਸਦੇ ਹਨ ਪਰ ਇਸ ਵਿਵਾਦ ਕਰਕੇ ਰਾਮਾਇਣ ਦੀ ਮਹਾਨਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਇਸ ਨੇ ਭਾਰਤੀ ਲੋਕਾਂ ਦੇ ਜੀਵਨ, ਧਰਮ ਤੇ ਸੱਭਿਆਚਾਰ ’ਤੇ ਚੋਖਾ ਪ੍ਰਭਾਵ ਛੱਡਿਆ ਹੈ। ਇਸ ਲਈ ਅੱਜ ਇਸ ਨੂੰ ਭਾਰਤ ਦਾ ਰਾਸ਼ਟਰੀ ਮਹਾਕਾਵਿ ਮੰਨਿਆ ਜਾਂਦਾ ਹੈ।
ਮਹਾਰਿਸ਼ੀ ਵਾਲਮੀਕਿ ਜੀ ਦੀ ਸੰਸਕ੍ਰਿਤ ’ਚ ਲਿਖੀ ਰਾਮਾਇਣ ਇੱਕ ਅਮਰ ਕਾਵਿ ਹੈ ਜੋ ਕਿ ਵਿਸ਼ਵ ਦੀਆਂ ਉੱਨਤ ਭਾਸ਼ਾਵਾਂ ਦੇ ਮਹਾਕਾਵਿ ਵਿਚ ਉਚੇਚਾ ਸਥਾਨ ਰੱਖਦੀ ਹੈ। 24 ਹਜ਼ਾਰ ਸਲੋਕਾਂ ਦਾ ਇਹ ਮਹਾਕਾਵਿ ਵਿਸ਼ਵ ਦੇ ਅਨੇਕਾਂ ਮਹਾਕਾਵਾਂ ਵਿਚੋਂ ਸਭ ਤੋਂ ਪ੍ਰਾਚੀਨ ਜਾਣਿਆ ਜਾਂਦਾ ਹੈ। ਇਹ ਭਾਰਤੀ ਸਾਹਿਤ ਦੀ ਸਰਬ -ਸ੍ਰੇਸ਼ਠ ਰਚਨਾ ਹੈ, ਜਿਸ ਨੇ ਮਨੁੱਖ ਜਾਤੀ ਲਈ ‘ਲੋਕ ਸੁਖੀਏ ਪਰਲੋਕ ਸੁਹੇਲੇ’ ਦਾ ਨਜ਼ਰੀਆ ਬੜੇ ਸਪੱਸ਼ਟ ਤੌਰ ’ਤੇ ਪੇਸ਼ ਕੀਤਾ ਹੈ। ਵਾਲਮੀਕੀ ਜੀ ਦੀ ਰਾਮਾਇਣ ਵਿਚ ਕਾਵਿ ਸੁਹਜ ਤੇ ਵਿਚਾਰ ਦੀ ਸੂਖਮਤਾ ਇਸ ਨੂੰ ਇੱਕ ਨਿਵੇਕਲੀ ਪ੍ਰਕਾਰ ਦੇ ਗ੍ਰੰਥ ਦਾ ਸਥਾਨ ਪ੍ਰਦਾਨ ਕਰਦੀ ਹੈ। ਰਿਸ਼ੀ ਵਾਲਮੀਕਿ ਨੂੰ ਭਾਰਤ ਦਾ ਆਦਿ ਕਵੀ ਮੰਨਿਆ ਗਿਆ ਹੇ।
ਵਾਲਮੀਕਿ ਜੀ ਨੇ ਰਾਮਾਇਣ ਅੰਦਰ ‘ਫਰਸ਼’ ਤੋਂ ‘ਅਰਸ਼’ ਤੱਕ ਦਾ ਵਿਸਥਾਰ ਪੇਸ਼ ਕੀਤਾ ਹੈ। ਚੰਗੇ ਮਨੁੱਖ ਤੋਂ ਹੀ ਚੰਗੇ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਮਨੁੱਖੀ ਪਰਿਵਾਰ ਇਕ ਅਜਿਹੀ ਇਕਾਈ ਹੈ ਜੋ ਸਾਰੇ ਛੋਟੇ-ਵੱਡੇ ਸੰਗਠਨਾਂ ਦੀ ਬੁਨਿਆਦੀ ਇਕਾਈ ਕਹੀ ਜਾ ਸਕਦੀ ਹੈ। ਰਾਮਾਇਣ ਵਿਚ ਘਰ, ਪਰਿਵਾਰ, ਸਮਾਜ ਤੇ ਰਾਸ਼ਟਰ ਪ੍ਰਤੀ ਫਰਜ਼ਾਂ ਦੀ ਪਾਲਣਾ ਕਰਨ ਲਈ ਵਿਸਥਾਰ-ਪੂਰਵਕ ਬਹੁਮੁੱਲਾ ਗਿਆਨ ਅੰਕਤ ਹੈ ਜੋ ਅੱਜ ਵੀ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਸਿੱਧ ਹੋ ਰਿਹਾ ਹੈ। ਇਹ ਗਿਆਨ ਸਾਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਰਹਿਣ ਦਾ ਇਕ ਅਮੁੱਕ ਭੰਡਾਰ ਹੈ। ਇਸ ਲਈ ਹੀ ਰਾਮਾਇਣ ਗ੍ਰੰਥ ਨੂੰ ਜਨ ਸਧਾਰਨ ਵਿੱਚ ਮਕਬੂਲੀਅਤ ਮਿਲੀ।
ਵਾਲਮੀਕਿ ਜੀ ਮਹਾਨ ਤਪੱਸਵੀ ਵੀ ਸਨ। ਉਨ੍ਹਾਂ ਦੀ ਸਿਫ਼ਤ-ਸਲਾਹ ਮਹਾਨ ਕਵੀ ਕਾਲੀ ਦਾਸ ਨੇ ਆਪਣੀ ਰਚਨਾ ‘ਮੇਘਾ ਸੰਦੇਸ਼’ਵਿਚ ਵੀ ਭਲੀ-ਭਾਂਤ ਕੀਤੀ ਹੈ। ਪ੍ਰਸਿੱਧ ਸੁਤੰਤਰਤਾ ਸੈਨਾਨੀ ਤੇ ਆਜ਼ਾਦ ਭਾਰਤ ਦੇ ਪਹਿਲੇ ਹਿੰਦੋਸਤਾਨੀ ਗਵਰਨਰ ਜਨਰਲ ਸ੍ਰੀ ਰਾਜ ਗੋਪਾਲਾਚਾਰੀ (ਰਾਜਾ ਜੀ) ਆਪਣੇ ਅੰਗ੍ਰੇਜ਼ੀ ਪੁਸਤਕ ਰਾਮਾਇਣ ਵਿਚ ਲਿਖਿਆ ਹੈ ਕਿ ਵਾਲਮੀਕਿ ਜੀ ਨੇ ਰਾਮ ਚੰਦਰ ਜੀ ਦੇ ਜੀਵਨ ਕਾਲ ਵਿਚ ਹੀ ਰਾਮਾਇਣ ਦੀ ਰਚਨਾ ਕੀਤੀ। ਵਾਲਮੀਕਿ ਜੀ ਨੇ ਸ੍ਰੀ ਰਾਮ ਨੂੰ ਪ੍ਰਮਾਤਮਾ ਦੇ ਅਵਤਾਰ ਦੇ ਰੂਪ ਵਿਚ ਨਹੀਂ ਮਰਿਆਦਾ ਪ੍ਰਸ਼ੋਤਮ, ਮਹਾਨ ਤੇ ਉੱਤਮ ਇਨਸਾਨ ਦੇ ਰੁਪ ਵਿਚ ਪੇਸ਼ ਕੀਤਾ ਹੈ। ਸਦੀਆਂ ਬਾਅਦ ਕਾਮਬਾਨ ਤੇ ਤੁਲਸੀ ਦਾਸ ਜੀ ਨੇ ਰਾਮਾਇਣ ਲਿਖੀ ਤੇ ਉਸ ਵਿਚ ਸ੍ਰੀ ਰਾਮ ਨੂੰ ਵਿਸ਼ਣੂ ਦਾ ਅਵਤਾਰ ਦਰਸਾਇਆ। ਬ੍ਰਹਮਾ ਜੀ ਦੇ ਕਥਨ ਅਨੁਸਾਰ ਜਿੰਨੀ ਦੇਰ ਸੰਸਾਰ ’ਤੇ ਪਹਾੜ ਖੜ੍ਹੇ ਤੇ ਦਰਿਆ ਵੱਗਦੇ ਰਹਿਣਗੇ, ਓਨੀ ਦੇਰ ਤੱਕ ਪਵਿੱਤਰ ਰਾਮਾਇਣ ਮਨੁੱਖੀ ਮਨ ਨੂੰ ਪਾਪ ਦੇ ਦੁਸ਼ ਕੰਮਾਂ ਤੋਂ ਵਰਜਦੀ ਰਹੇਗੀ। ਰਾਜਾ ਜੀ ਲਿਖਦੇ ਹਨ ਕਿ ਉਨ੍ਹਾਂ ਨੇ ‘ਮਹਾਂਭਾਰਤ’ ਅਤੇ ‘ਰਾਮਾਇਣ’ ਸਬੰਧੀ ਲਿਖ ਕੇ ਲੋਕਾਂ ਦੀ ਵੱਡੀ ਸੇਵਾ ਕਰਨ ਦਾ ਉੱਦਮ ਕੀਤਾ ਹੈ। ਜਿਹੜੇ ਕਸ਼ਟ ਕੁੰਤੀ, ਕੌਸ਼ੱਲਿਆ, ਦਰੋਪਦੀ ਅਤੇ ਸੀਤਾ ਨੇ ਸਹੇ ਉਹ ਯਾਦ ਕਰਕੇ ਅਸੀਂ ਆਪਣੇ ਭਵਿੱਖ ਦੀ ਰਚਨਾ ਚੰਗੇ ਪੱਧਰ ’ਤੇ ਕਰ ਸਕਾਂਗੇ।
ਵਾਲਮੀਕਿ ਜੀ ਦੀ ਇਕ ਹੋਰ ਉਪਲੱਬਧ ਰਚਨਾ ਯੋਗ ਵਾਸ਼ਿਸ਼ਟ ਦੱਸੀ ਜਾਂਦੀ ਹੈ। ਇਸ ਦੇ ਲਗਭਗ 32 ਹਜ਼ਾਰ ਸਲੋਕ ਹਨ। ਇਹ ਗ੍ਰੰਥ ਪ੍ਰਸ਼ਨ-ਉੱਤਰ ਰੂਪ ਵਿਚ ਲਿਖਿਆ ਹੋਇਆ ਹੈ ਅਤੇ ਫਲਸਫੇ ਵਰਗੇ ਗੰਭੀਰ ਤੇ ਪੇਚੀਦਾ ਵਿਸ਼ੇ ਨਾਲ ਸੰਬੰਧਤ ਹੈ। ਕਿਹਾ ਜਾਂਦਾ ਹੈ ਰਿਸ਼ੀ ਭਾਰਦਵਾਜ, ਰਿਸ਼ੀ ਕਾਗਵਸੂੰਡ ਅਤੇ ਰਿਸ਼ੀ ਅਰਿਸ਼ਟ ਨਾਮੀ ਮਹਾਰਿਸ਼ੀ ਵਾਲਮੀਕਿ ਦੇ ਤਿੰਨ ਚੇਲੇ ਹਨ ਜੋ ਉਨ੍ਹਾਂ ਪਾਸੋਂ ਪ੍ਰਮਾਤਮਾ, ਮਨ, ਆਤਮਾ, ਸ੍ਰਿਸ਼ਟੀ ਸਿਰਜਨਾ ਅਤੇ ਇਨ੍ਹਾਂ ਦੇ ਪ੍ਰਸਪਰ ਸੰਬੰਧਾਂ ਬਾਰੇ ਬਹੁਤ ਬਾਰੀਕ ਪ੍ਰਸ਼ਨ ਪੁੱਛਦੇ ਸਨ। ਰਿਸ਼ੀ ਵਾਲਮੀਕਿ ਉਨ੍ਹਾਂ ਪ੍ਰਸ਼ਨਾਂ ਦੇ ਜੋ ਉੱਤਰ ਦਿੱਤੇ, ਉਹ ਇਸ ਗ੍ਰੰਥ ਵਿਚ ਅੰਕਿਤ ਹਨ। ਇਕ ਵਿਸ਼ਵਾਸ ਅਨੁਸਾਰ ਇਸ ਗ੍ਰੰਥ ਦੀ ਸਿੱਖਿਆ ਰਿਸ਼ੀ ਵਾਸ਼ਿਸ਼ਟ ਨੇ ਪ੍ਰਾਪਤ ਕੀਤੀ ਜੋ ਅੱਗੇ ਸ਼੍ਰੀ ਰਾਮ ਚੰਦਰ ਨੂੰ ਪ੍ਰਾਪਤ ਹੋਈ। ਲਵ-ਕੁੱਸ਼ ਨੇ ਵੀ ਇਸੇ ਫਲਸਫੇ ਦੀ ਸਿੱਖਿਆ ਪ੍ਰਾਪਤ ਕੀਤੀ।

ਵਿਜੈ ਗੁਪਤਾ – ਸ. ਸ. ਅਧਿਆਪਕ

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

World Computer Literacy Day – December 2nd

Launched back in 2001, World Computer Literacy Day which falls each year on December 2nd aims to curb the digital divide that exists in the world today. The Day aims


Print Friendly
Important Days0 Comments

ਕੁੜੀਆਂ ਨੂੰ ਮੁੰਡੇ ਬਣਨ ਦੀ ਲੋੜ ਨਹੀਂ ਬਲਕਿ ਆਪਣੇ ਅੰਦਰ ਸਵੈ ਵਿਸ਼ਵਾਸ਼ ਕਾਇਮ ਕਰਨ ਦੀ ਜ਼ਰੂਰਤ – 24 ਜਨਵਰੀ ਰਾਸ਼ਟਰੀ ਬਾਲੜੀ ਦਿਵਸ (24 ਜਨਵਰੀ) ਤੇ ਵਿਸ਼ੇਸ਼

ਧੀਆਂ ਘਰ ਦੀ ਰੌਣਕ ਤੇ ਸ਼ਿੰਗਾਰ ਹੁੰਦੀਆਂ ਨੇ। ਇਕ ਧੀ ਪਰਿਵਾਰ ਦੇ ਲਈ ਆਰਥਿਕ, ਸਮਾਜਿਕ ਅਤੇ ਧਾਰਮਿਕ ਢਾਂਚੇ ਲਈ ਬੁਨਿਆਦੀ ਚੂਲ ਦਾ ਕੰਮ ਕਰਦੀ ਹੈ । ਧੀ ਦੀ ਹੋਂਦ ਤੋਂ


Print Friendly
Important Days0 Comments

ਧਰਤੀ ਦਾ ਸ਼ਿੰਗਾਰ ਅਤੇ ਵਾਤਾਵਰਨ ਦੀ ਸ਼ਾਹਰਗ ਹਨ ਜਲਗਾਹਾਂ – (ਕੌਮਾਂਤਰੀ ਜਲਗਾਹ ਦਿਵਸ 2 ਫਰਵਰੀ ਤੇ ਵਿਸ਼ੇਸ਼)

ਜਲਗਾਹਾਂ ਦਿਵਸ (ਵੈਟਲੈਂਡ ਦਿਵਸ) ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਧੁਨਿਕ ਕਾਲ ਵਿਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ


Print Friendly