Print Friendly
ਗਰੀਨ ਦੀਵਾਲੀ ਮਨਾਉਣ ਲਈ ਚੇਤੰਨ ਹੋਣ ਦੀ ਲੋੜ – ਵਿਜੈ ਗੁਪਤਾ (7 ਨਵੰਬਰ ਦੀਵਾਲੀ ਤੇ ਵਿਸ਼ੇਸ਼)

ਗਰੀਨ ਦੀਵਾਲੀ ਮਨਾਉਣ ਲਈ ਚੇਤੰਨ ਹੋਣ ਦੀ ਲੋੜ – ਵਿਜੈ ਗੁਪਤਾ (7 ਨਵੰਬਰ ਦੀਵਾਲੀ ਤੇ ਵਿਸ਼ੇਸ਼)

ਦੀਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਉਂਦੇ ਹਨ ਅਤੇ ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ। ਇਸ ਸਰਬ ਸਾਂਝੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਲੋਕ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਅਤੇ ਪਟਾਕੇ ਚਲਾ ਕੇ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ।
ਅੱਜ ਕੱਲ੍ਹ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਣ-ਰਹਿਤ ਦੀਵਾਲੀ ਜਾਂ ਗਰੀਨ ਦੀਵਾਲੀ ਮਨਾਈ ਜਾਵੇ | ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਇਨ੍ਹਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਮਾਰੂ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ | ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਇਕ ਗੰਭੀਰ ਵਿਸ਼ਾ ਹੈ| ਅਸੀਂ ਪਲ ਭਰ ਦੀ ਖੁਸ਼ੀ ਲਈ ਵਾਤਾਵਰਨ ਨੂੰ ਕਿੰਨਾ ਪ੍ਰਦੂਸ਼ਿਤ ਕਰ ਦਿੰਦੇ ਹਾਂ, ਇਸ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ | ਪਟਾਕਿਆਂ ਨਾਲ ਅੱਗ ਲੱਗਣਾ, ਜਾਨੀ ਨੁਕਸਾਨ ਤੇ ਦੁਰਘਟਨਾ ਹੋਣਾ ਆਮ ਗੱਲ ਹੁੰਦੀ ਜਾ ਰਹੀ ਹੈ | ਸਮੇਂ ਦੀ ਮੰਗ ਹੈ ਕਿ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਬੰਦ ਕੀਤੀ ਜਾਵੇ ਅਤੇ ਭੀੜ ਵਾਲੇ ਇਲਾਕਿਆਂ ਵਿਚ ਪਟਾਕੇ ਵੇਚਣ ‘ਤੇ ਪਾਬੰਦੀ ਲਾਈ ਜਾਵੇ ਤਾਂ ਜੋ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ |
ਪਟਾਕੇ ਬਣਾਉਣ ਦੇ ਮਸਾਲੇ ਵਿਚ 75 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ, 10 ਫ਼ੀਸਦੀ ਕੋਇਲਾ, 10 ਫ਼ੀਸਦੀ ਗੰਧਕ ਤੋਂ ਇਲਾਵਾ 5 ਫ਼ੀਸਦੀ ਮਾਤਰਾ ਸ਼ੀਸ਼ੇ ਤੇ ਹੋਰ ਪਦਾਰਥਾਂ ਦੀ ਹੁੰਦੀ ਹੈ | ਪਟਾਕਿਆਂ ਨੂੰ ਚਲਾਉਣ ਨਾਲ ਨਿਲਕਣ ਵਾਲੀਆਂ ਜ਼ਹਿਰੀਲੀਆਂ ਗੈਸਾਂ 6 ਤੋਂ 8 ਘੰਟੇ ਤੱਕ ਵਾਤਾਵਰਨ ਵਿਚ ਮੌਜੂਦ ਰਹਿੰਦੀਆਂ ਹਨ ਤੇ ਅਨੇਕਾਂ ਹੀ ਮਾਰੂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ | ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਵਾਤਾਵਰਨ ਵਿਚ ਸਸਪੈਂਡਡ ਆਰਟੀਕਲਜ਼ ਵੀ ਵਧਦੇ ਹਨ, ਜਿਸ ਨਾਲ ਅੱਖਾਂ, ਨੱਕ ਤੇ ਗਲੇ ਦੀਆਂ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਇਸ ਨਾਲ ਪੁਰਾਣੀ ਫੇਫੜਿਆਂ ਦੀ ਬਿਮਾਰੀ (ਬ੍ਰੋਨਕਾਇਟਸ, ਅਸਥਮਾ) ਤੇਜ਼ੀ ਨਾਲ ਹੁੰਦੀ ਹੈ ਜੋ ਹੋਰ ਕਈ ਤਰ੍ਹਾਂ ਨਾਲ ਸਿਹਤ ‘ਤੇ ਮਾਰੂ ਅਸਰ ਕਰਦੀ ਹੈ |
ਪਟਾਕੇ ਚਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਦੇ ਨਾਲ-ਨਾਲ 80 ਡੀ.ਬੀ. ਤੋਂ ਵਧੇਰੇ ਮਾਤਰਾ ਸ਼ੋਰ ਪੈਦਾ ਹੁੰਦਾ ਹੈ ਜੋ ਆਰਜ਼ੀ ਤੌਰ ‘ਤੇ ਬੋਲੇਪਣ ਦਾ ਕਾਰਨ ਹੋ ਸਕਦਾ ਹੈ | ਇਸ ਨਾਲ ਉੱਚ ਖ਼ੂਨ ਦਾ ਦਬਾਅ, ਦਿਲ ਦਾ ਦੌਰਾ ਤੇ ਉਨੀਂਦਰਾ ਵੀ ਹੋ ਸਕਦਾ ਹੈ | ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਆਦਮੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ |
ਇਕ ਅਨੁਮਾਨ ਅਨੁਸਾਰ ਹਰ ਸਾਲ ਦੀਵਾਲੀ ਮੌਕੇ ਪਟਾਕਿਆਂ ਦੇ ਰੂਪ ਵਿਚ ਲਗਭਗ 350 ਟਨ ਕਾਗ਼ਜ਼ ਸਾੜ ਦਿੱਤਾ ਜਾਂਦਾ ਹੈ ਜੋ ਕਿ ਲਗਭਗ 20000 ਦਰੱਖ਼ਤਾਂ ਨੂੰ ਕੱਟਣ ਤੋਂ ਪ੍ਰਾਪਤ ਹੁੰਦਾ ਹੈ | ਇੰਜ ਪਟਾਕਿਆਂ ਨੂੰ ਤਿਆਰ ਕਰਨ ਵੇਲੇ ਵੀ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ | ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਕਰਕੇ ਮਨੁੱਖ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿਚ ਲੈ ਲਿਆ ਹੈ |
ਜੇ ਪਟਾਕੇ ਚਲਾਉਣ ਅਤੇ ਦੀਵਾਲੀ ਦੇ ਇਤਿਹਾਸ ਦੀ ਪੜਚੋਲ ਕਰੀਏ ਤਾਂ ਪਤਾ ਲਗਦਾ ਹੈ ਕਿ ਦੀਵਾਲੀ ਮਨਾਉਣਾ ਅਤੇ ਦੀਵਾਲੀ ਮੌਕੇ ਪਟਾਕੇ ਚਲਾਉਣਾ, ਅਸਲੀਅਤ ਵਿੱਚ ਇਨ੍ਹਾਂ ਦੋਹਾਂ ਰਵਾਇਤਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਕਿਉਂਕਿ ਦੀਵਾਲੀ ’ਤੇ ਚਲਾਏ ਜਾਂਦੇ ਪਟਾਕਿਆਂ ਦਾ ਇਤਿਹਾਸ ਵੱਧ ਤੋਂ ਵੱਧ 300 ਸਾਲ ਪੁਰਾਣਾ ਹੈ ਪਰ ਦੀਵਾਲੀ ਦੀ ਰਵਾਇਤ ਤਾਂ ਸਦੀਆਂ ਪੁਰਾਣੀ ਹੈ। ਜੇ ਹਿੰਦੂ ਮਿਥਿਹਾਸ ਨੂੰ ਮੰਨੀਏ ਤਾਂ ਰਮਾਇਣ ਦੀ ਕਹਾਣੀ ਤਰੇਤੇ ਯੁੱਗ ਵਿੱਚ ਵਾਪਰੀ। ਨਵੀਆਂ ਖੋਜਾਂ ਅਨੁਸਾਰ ਰਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਿ ਅੱਜ ਤੋਂ ਲਗਪਗ 1500 ਤੋਂ 3000 ਸਾਲ ਪਹਿਲਾਂ ਹੋਂਦ ਵਿੱਚ ਆਉਣ ਦੇ ਪ੍ਰਮਾਣ ਮਿਲਦੇ ਹਨ। ਇਸ ਹਿਸਾਬ ਨਾਲ ਮੰਨਿਆ ਜਾਵੇ ਤਾਂ ਦੀਵਾਲੀ ਮਨਾਉਣ ਦੀ ਰਸਮ ਲਗਪਗ ਇੰਨੇ ਕੁ ਸਾਲ ਪੁਰਾਣੀ ਹੀ ਮੰਨੀ ਜਾ ਸਕਦੀ ਹੈ। ਦੀਵਾਲੀ ਦੀ ਸ਼ੁਰੂਆਤ ਵੇਲੇ ਸਿਰਫ਼ ਦੀਵੇ ਹੀ ਜਗਾਏ ਜਾਂਦੇ ਸਨ ਅਤੇ ਇਹ ਰੌਸ਼ਨੀਆਂ ਦਾ ਤਿਉਹਾਰ ਹੀ ਸੀ। ਪਟਾਕਿਆਂ ਦੇ ਖੌਰੂ ਦਾ ਰਿਵਾਜ ਤਾਂ ਬਹੁਤ ਬਾਅਦ ਵਿੱਚ ਸ਼ੁਰੂ ਹੋਇਆ।
ਅੱਜ ਤੋਂ ਲਗਪਗ 1000 ਸਾਲ ਪਹਿਲਾਂ ਚੀਨ ਵਿੱਚ ਬਾਰੂਦ (ਗੰਨ ਪਾਊਡਰ) ਦੀ ਖੋਜ ਹੋਈ ਸੀ। ਉਸ ਤੋਂ ਲਗਪਗ 300 ਸਾਲ ਬਾਅਦ ਮੰਗੋਲਾਂ ਦੇ ਹਮਲਿਆਂ ਵੇਲੇ ਇਹ ਖੋਜ ਭਾਰਤ ਪਹੁੰਚ ਗਈ। ਫਿਰ ਵੀ ਦਿੱਲੀ ਸਲਤਨਤ ਕਾਲ ਵੇਲੇ ਬਾਰੂਦੀ ਹਥਿਆਰਾਂ ਦੀ ਵਰਤੋਂ ਬਹੁਤ ਹੀ ਘੱਟ ਰਹੀ। ਪਰ ਦੱਖਣੀ ਭਾਰਤ ਵਿੱਚ ਵਿਜੇਨਗਰ ਸਾਮਰਾਜ ਦੇ ਸਭ ਤੋਂ ਮਹਾਨ ਰਾਜਾ ਕ੍ਰਿਸ਼ਨ ਦੇਵ ਰਾਓ ਨੇ 1520 ਈਸਵੀ। ਵਿੱਚ ਰਾਇਚੂਰ ਦੀ ਲੜਾਈ ਵਿੱਚ ਬੀਜਾਪੁਰ ਦੇ ਰਾਜਾ ਆਦਿਲ ਸ਼ਾਹ ਨੂੰ ਆਪਣੀਆਂ ਤੋਪਾਂ ਦੇ ਦਮ ਉੱਤੇ ਹੀ ਹਰਾਇਆ ਸੀ। ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ (1526 ਈਸਵੀ)।ਆਪਣੇ ਤੋਪਖਾਨੇ ਦੀ ਬਦੌਲਤ ਹੀ ਜਿੱਤੀ ਸੀ ਅਤੇ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਮੁੱਢ ਬੰਨ੍ਹਿਆ ਸੀ। ਫਿਰ ਵੀ ਇਨ੍ਹਾਂ ਸਾਰੇ ਹੀ ਸਮਿਆਂ ਦੌਰਾਨ ਬਾਰੂਦ ਦੀ ਵਰਤੋਂ ਮੁੱਖ ਤੌਰ ਉੱਤੇ ਜੰਗੀ ਸਾਜ਼ੋ-ਸਮਾਨ ਲਈ ਹੀ ਕੀਤੀ ਜਾਂਦੀ ਸੀ ਅਤੇ ਮਨੋਰੰਜਨ ਵਾਸਤੇ ਪਟਾਕਿਆਂ ਦਾ ਰਿਵਾਜ ਅਜੇ ਨਾ ਮਾਤਰ ਹੀ ਸੀ। ਭਾਰਤੀ ਇਤਿਹਾਸ ਵਿੱਚ ਪਟਾਕੇ ਚਲਾਉਣ ਦਾ ਸਭ ਤੋਂ ਪਹਿਲਾ ਜ਼ਿਕਰ ਪੰਦਰਵੀਂ ਸਦੀ ਦੀ ਸ਼ੁਰੂਆਤ ਵੇਲੇ ਮਿਲਦਾ ਹੈ ਪਰ ਉਦੋਂ ਵੀ ਇਹ ਸਿਰਫ਼ ਰਾਜੇ ਮਹਾਰਾਜਿਆਂ ਦੇ ਸਵਾਗਤ ਵਜੋਂ ਹੀ ਚਲਾਏ ਜਾਣੇ ਸ਼ੁਰੂ ਹੋਏ। ਦੀਵਾਲੀ ਉੱਤੇ ਪਟਾਕੇ ਚਲਾਉਣ ਬਾਰੇ ਲਿਖਤੀ ਸਬੂਤ ਅੱਜ ਤੋਂ ਲਗਪਗ 300 ਸਾਲ ਪਹਿਲਾਂ, 18ਵੀਂ ਸਦੀ ਤੋਂ ਹੀ ਮਿਲਦੇ ਹਨ। ਉਦੋਂ ਵੀ ਇਹ ਬਹੁਤ ਅਮੀਰ ਅਤੇ ਰਜਵਾੜਿਆਂ ਦਾ ਹੀ ਸ਼ੌਕ ਸੀ। ਆਮ ਲੋਕਾਂ ਤਕ ਦੀਵਾਲੀ ਦੇ ਪਟਾਕੇ ਕਾਫ਼ੀ ਬਾਅਦ ਵਿੱਚ ਪਹੁੰਚੇ। ਇਸ ਲਈ 3000 ਸਾਲ ਪੁਰਾਣੀ, ਦੀਵਾਲੀ ਦੀ ਰਵਾਇਤ ਨੂੰ 300 ਸਾਲ ਪੁਰਾਣੀ ਪਟਾਕਿਆਂ ਦੀ ਰਵਾਇਤ ਨਾਲ ਰਲਗੱਡ ਕਰਨਾ ਬਿਲਕੁਲ ਵੀ ਤਰਕਸੰਗਤ ਨਹੀਂ ਹੈ।
ਉਂਝ ਵੀ ਜੇ ਭਾਰਤ ਸਰਕਾਰ ਪਟਾਕਿਆਂ ਉੱਤੇ ਮੁਕੰਮਲ ਪਾਬੰਦੀ ਨਹੀਂ ਲਗਾ ਸਕਦੀ ਤਾਂ ਇਨ੍ਹਾਂ ਦੀ ਗੁਣਵੱਤਾ ਬਾਰੇ ਤਾਂ ਸਖ਼ਤੀ ਕੀਤੀ ਹੀ ਜਾ ਸਕਦੀ ਹੈ। ਜ਼ਿਆਦਾ ਆਵਾਜ਼ ਵਾਲੇ ਪਟਾਕਿਆਂ ਉੱਤੇ ਸਖ਼ਤੀ ਨਾਲ ਰੋਕ ਲਗਾਈ ਜਾ ਸਕਦੀ ਹੈ। ਘੱਟ ਮਾਤਰਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਚੋਣ ਕਰਕੇ ਸਿਰਫ਼ ਉਨ੍ਹਾਂ ਨੂੰ ਹੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਪਟਾਕੇ ਅਜਿਹੇ ਹੋਣ ਕਿ ਉਨ੍ਹਾਂ ਨਾਲ ਮਨੋਰੰਜਨ ਤਾਂ ਹੋਵੇ ਪਰ ਸਿਹਤ ਉੱਤੇ ਬੁਰਾ ਅਸਰ ਘੱਟ ਤੋਂ ਘੱਟ ਹੋਵੇ ਅਤੇ ਜ਼ੋਖ਼ਮ ਦੀ ਸੰਭਾਵਨਾ ਤਾਂ ਨਾ ਦੇ ਬਰਾਬਰ ਹੀ ਹੋਵੇ। ਸਕੂਲ ਪੱਧਰ ਉੱਤੇ ਇਸ ਸਬੰਧੀ ਪ੍ਰਚਾਰ ਕਰਕੇ ਬੱਚਿਆਂ ਦਾ ਇਸ ਬੁਰਾਈ ਨਾਲ ਮੋਹ ਖ਼ਤਮ ਕੀਤਾ ਜਾਵੇ। ਦੇਸ਼ ਵਿੱਚ ਚੀਨ ਦੇ ਬਣੇ ਪਟਾਕਿਆਂ ਦਾ ਰੁਝਾਨ ਵੀ ਘਟਾਉਣ ਦੀ ਲੋੜ ਹੈ ਕਿਉਂਕਿ ਚੀਨੀ ਪਟਾਕੇ ਸਲਫਰ ਤੋਂ ਬਣਦੇ ਹਨ ਜਦੋਂਕਿ ਭਾਰਤ ਵਿੱਚ ਜ਼ਿਆਦਾਤਰ ਪਟਾਕੇ ਨਾਈਟ੍ਰੇਟ ਤੋਂ ਬਣਦੇ ਹਨ ਜੋ ਕਿ ਸਲਫਰ ਦੇ ਮੁਕਾਬਲੇ ਘੱਟ ਖ਼ਤਰਨਾਕ ਹੁੰਦਾ ਹੈ। ਪਰ ਚੀਨੀ ਪਟਾਕੇ ਸਸਤੇ ਹੋਣ ਕਾਰਨ ਭਾਰਤੀਆਂ ਨੂੰ ਵੱਧ ਪਸੰਦ ਆਉਂਦੇ ਹਨ।
ਅੱਜ-ਕੱਲ੍ਹ ਸਿਰਫ਼ ਦੀਵਾਲੀ ਉੱਤੇ ਹੀ ਪਟਾਕੇ ਨਹੀਂ ਚਲਾਏ ਜਾਂਦੇ ਬਲਕਿ ਹੋਰ ਤਿਉਹਾਰਾਂ ਉੱਤੇ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਹੁਣ ਗੁਰਪੁਰਬਾਂ ਉੱਤੇ ਵੀ ਇਨ੍ਹਾਂ ਦੀ ਵਰਤੋਂ ਹੋਣ ਲੱਗ ਪਈ ਹੈ। ਕੌਮੀ ਤਿਉਹਾਰਾਂ, ਨਗਰ ਕੀਰਤਨਾਂ ਅਤੇ ਵਿਆਹ ਦੇ ਮੌਕੇ ਵੀ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ ਹੈ। ਪਟਾਕਿਆਂ ਦੀ ਵਰਤੋਂ ਨਾਲ ਕਈ ਮਾਸੂਮ ਆਪਣੀਆਂ ਅੱਖਾਂ ਦੀ ਜੋਤ ਗੁਆ ਬੈਠਦੇ ਹਨ। ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਪਟਾਕਿਆਂ ਨਾਲ ਕਿੰਨੇ ਹੀ ਖ਼ਤਰਨਾਕ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਪਟਾਕਿਆਂ ਦੀ ਸਮਰੱਥਾ ਦਾ ਕੋਈ ਪੱਧਰ ਵੀ ਨਿਸ਼ਚਿਤ ਨਹੀਂ ਹੈ ਅਤੇ ਨਾ ਹੀ ਕੋਈ ਅਜਿਹਾ ਨਿਯਮ ਹੈ ਜਿਸ ਤਹਿਤ ਇਹ ਨਿਰਧਾਰਿਤ ਹੋਵੇ ਕੇ ਛੋਟੀ ਉਮਰ ਦੇ ਬੱਚਿਆਂ ਨੂੰ ਖ਼ਤਰਨਾਕ ਪਟਾਕੇ ਨਹੀਂ ਦਿੱਤੇ ਜਾਣਗੇ।
ਇਹ ਸਾਰਾ ਵਰਤਾਰਾ ਮਨੁੱਖੀ ਸਿਹਤ ਲਈ ਖ਼ਤਰਨਾਕ ਹੈ। ਮਨੁੱਖਾਂ ਨਾਲ ਜੋ ਬੀਤਦੀ ਹੈ ਉਹ ਤਾਂ ਆਪਾਂ ਸਭ ਜਾਣਦੇ ਹੀ ਹਾਂ ਪਰ ਇਸ ਦੇ ਨਾਲ ਨਾਲ ਜਮੀਨ , ਦਰਖਤਾਂ ਅਤੇ ਆਹਲਣਿਆਂ ਵਿੱਚ ਬੈਠੇ ਪੰਛੀਆਂ ਤੇ ਹੋਰ ਪਾਲਤੁ ਜੀਵਾਂ ਦੇ ਦਿਮਾਗ ਤੇ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਆਪਾਂ ਰੋਜ ਦੇਖਦੇ ਹਾਂ ਕਿ ਥੋੜੀ ਜਿਹੀ ਵੀ ਆਸਾਧਾਰਣ ਆਵਾਜ ਹੋਣ ‘ਤੇ ਖਾਸ਼ਕਰ ਰਾਤ ਨੂੰ ਕੁੱਤੇ , ਮੋਰ ਤੇ ਹੋਰ ਜੀਵ ਕਿਵੇਂ ਕੁਰਲਾਉਣ ਲੱਗ ਪੈਂਦੇ ਹਨ। ਜਦੋ. ਚਾਰ ਚੁਫੇਰੇ ਹੀ ਇਹ ਕੁਝ ਹੋਣ ਲੱਗ ਪੈਂਦਾ ਹੈ ਥਾਂ ਇਹ ਵਿਚਾਰੇ ਜਾਣ ਤਾਂ ਜਾਣ ਕਿੱਥੇ? ਬੱਚੇ ਦਹਿਲ ਕੇ ਆਹਲਣਿਆਂ ਚੋਂ ਬਾਹਰ ਡਿਗ ਪੈਂਦੇ ਹਨ। ਦਿਮਾਗ ‘ਤੇ ਅਸਰ ਹੋ ਜਾਂਦਾ ਹੈ। ਆਪਣੀ ਪਲ ਭਰ ਦੀ ਖੁਸ਼ੀ ਕਰਕੇ ਗੈਰ ਮਨੁੱਖੀ ਜੀਵਨ ਨੂੰ ਕਿੰਨੇ ਦੁੱਖ ਸਹਿਣੇ ਪੈਂਦੇ ਹਨ।
ਦੁੱਖ ਦੀ ਗੱਲ ਇਹ ਵੀ ਹੈ ਕਿ ਪਟਾਕਿਆਂ ਨਾਲ ਬੱਚਿਆਂ ਦਾ ਮਨੋਰੰਜਨ ਹਰ ਮਾਪਾ ਚਾਹੁੰਦਾ ਹੈ ਪਰ ਬੱਚਿਆਂ ਨੂੰ ਸੰਜਮ ਦੀ ਸਲਾਹ ਦੇਣ ਵਾਲੇ ਵਿਰਲੇ ਹੀ ਹਨ। ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਇਹ ਫ਼ੈਸਲਾ ਲੈਣਾ ਹੀ ਪਵੇਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਅਜਿਹਾ ਮਨੋਰੰਜਨ ਕਿਉਂ ਦੇਈਏ ਜਿਹੜਾ ਉਨ੍ਹਾਂ ਦੀ ਜ਼ਿੰਦਗੀ ਲਈ ਮਾਰੂ ਹੈ। ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਆਪਣੀ ਖ਼ੁਸ਼ੀ ਨੂੰ ਪ੍ਰਗਟਾਉਣ ਤੇ ਸਾਂਝਾ ਕਰਨ ਲਈ ਰੋਸ਼ਨੀ ਦੇ ਇਸ ਤਿਉਹਾਰ ਤੇ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਤੇ ਬੰਬਾਂ ਨੂੰ ਨਾਂਹ ਆਖਦੇ ਹੋਏ ਇਸ ਤਿਉਹਾਰ ਨੂੰ ਸਹੀ ਅਰਥਾਂ ਵਿਚ ਦੀਵੇ ਬਾਲ ਕੇ ਦੀਵਿਆਂ ਦਾ ਤਿਉਹਾਰ ਮਨਾਈਏ ਤੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਈਏ | ਜੈ ਹਿੰਦ !

-ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਕੌਮਾਂਤਰੀ ਪੱਧਰ ਤੇ ਇੰਝ ਕੀਤਾ ਜਾਂਦਾ ਹੈ ਨਵੇਂ ਸਾਲ ਦਾ ਸਵਾਗਤ !!!

ਹਰ ਸਾਲ ਨਵੇਂ ਵਰ੍ਹੇ ਦੀ ਆਮਦ ਦੇ ਜਸ਼ਨ ਆਸਟ੍ਰੇਲੀਆ ਮਹਾਂਦੀਪ ਤੋਂ ਸ਼ੁਰੂ ਹੋ ਕੇ ਅਮਰੀਕਾ ਮਹਾਂਦੀਪ ਵਿਚ ਸਮਾਪਤ ਹੋ ਜਾਂਦੇ ਹਨ । ਹਰੇਕ ਦੇਸ਼ ਦੇ ਵਾਸੀ ਆਪੋ-ਆਪਣੇ ਢੰਗ ਨਾਲ ਨਵੇਂ


Print Friendly
Important Days0 Comments

International Day of Persons with Disabilities, 3 December

Theme –  Inclusion matters: access and empowerment for people of all abilities Quicklinks: Message of the United Nations Secretary-General (Arabic) (Chinese) (English) (French) (Russian) (Spanish) Background Events at UN Headquarters (Programme)


Print Friendly

ਸ਼੍ਰੋਮਣੀ ਭਗਤ ਧੰਨਾ ਜੱਟ (ਪ੍ਰਕਾਸ਼ ਉਤਸਵ ’ਤੇ ਵਿਸ਼ੇਸ਼)

ਭਾਰਤ ਦੇਸ਼ ਰਿਸ਼ੀਆਂ-ਮੁਨੀਆਂ, ਪੀਰ-ਫਕੀਰਾਂ ਅਤੇ ਸੰਤਾਂ ਦਾ ਦੇਸ਼ ਹੈ | ਇਥੇ ਆਦਿ ਕਾਲ ਤੋਂ ਸੰਤ ਮਹਾਂਪੁਰਸ਼ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਜਨਮ ਲੈਂਦੇ ਰਹੇ ਹਨ | ਉਨ੍ਹਾਂ ਵਿਚੋਂ ਹੀ


Print Friendly