Print Friendly
ਸੌ ਫੀਸਦੀ ਸਿੱਖਿਆ ਦੇ ਟੀਚੇ ਤੱਕ ਪਹੁੰਚਣ ਲਈ ਸਾਰਥਕ ਹੰਭਲੇ ਦੀ ਲੋੜ – ਵਿਜੈ ਗੁਪਤਾ (ਰਾਸ਼ਟਰੀ ਸਿੱਖਿਆ ਦਿਵਸ 11 ਨਵੰਬਰ ‘ਤੇ ਵਿਸ਼ੇਸ਼)

ਸੌ ਫੀਸਦੀ ਸਿੱਖਿਆ ਦੇ ਟੀਚੇ ਤੱਕ ਪਹੁੰਚਣ ਲਈ ਸਾਰਥਕ ਹੰਭਲੇ ਦੀ ਲੋੜ – ਵਿਜੈ ਗੁਪਤਾ (ਰਾਸ਼ਟਰੀ ਸਿੱਖਿਆ ਦਿਵਸ 11 ਨਵੰਬਰ ‘ਤੇ ਵਿਸ਼ੇਸ਼)

ਆਜਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਮਹੀਊਦੀਨ ਅਹਿਮਦ ਇੱਕ ਬਹੁਤ ਵੱਡੇ ਮੁਸਲਿਮ ਵਿਦਵਾਨ ਅਤੇ ਆਜ਼ਾਦੀ ਦੀ ਲਹਿਰ ਵਿੱਚ ਮਹੁੱਤਵਪੂਰਣ ਰੋਲ ਅਦਾ ਕਰਨ ਵਾਲੇ ਸਿਰਕੱਢ ਰਾਜਨੀਤਿਕ ਆਗੂ ਸਨ। ਉਹ ਹਿੰਦੂ ਮੁਸਲਮ ਏਕਤਾ ਦੇ ਸਭ ਤੋਂ ਵੱਡੇ ਮੁਦੱਈ ਸਨ। ਉਹ ਲੋਕਾਂ ਵਿੱਚ ‘ਮੌਲਾਨਾ ਆਜ਼ਾਦ’ ਦੇ ਨਾਂ ਨਾਲ ਜਾਣੇ ਜਾਂਦੇ ਸਨ। ਆਜਾਦੀ ਤੋਂ ਬਾਅਦ ਭਾਰਤ ‘ਚ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਸਦਕਾ ਉਨ੍ਹਾਂ ਦਾ ਜਨਮ ਦਿਨ ਭਾਰਤ ਸਰਕਾਰ ਵੱਲੋਂ 2008 ਤੋਂ ‘ਰਾਸ਼ਟਰੀ ਸਿੱਖਿਆ ਦਿਵਸ’ ਵਜੋ ਮਨਾਇਆ ਜਾਂਦਾ ਹੈ। ਅੱਜ ਦੇਸ਼ ਨੂੰ ਅਜਿਹੇ ਹੀ ਸਿਰੜੀ ਰਾਜਨੀਤਿਕ ਆਗੂਆਂ ਦੀ ਜ਼ਰੂਰਤ ਹੈ ਜੋ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼-ਹਿੱਤ ਲਈ ਸਾਰਥਕ ਹੰਭਲੇ ਦਾ ਯਤਨ ਕਰਨ ਅਤੇ ਸਾਡੇ ਦੇਸ਼ ਨੂੰ ਵਿਕਸਤ ਦੇਸ਼ਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕਰਨ।
ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਈਸਵੀ ਵਿੱਚ ਮੁਸਲਮਾਨਾਂ ਦੇ ਬਹੁਤ ਹੀ ਪਵਿੱਤਰ ਸ਼ਹਿਰ ਮੱਕਾ ਵਿਖੇ ਹੋਇਆ ਸੀ। ਬਾਬਰ ਦੇ ਸਮੇਂ ਉਨਾਂ ਦੇ ਵੱਡੇ ਵਡੇਰੇ ਅਫ਼ਗਾਨਿਸਤਾਨ ਦੇ ਸ਼ਹਿਰ ਹੇਰਾਤ ਤੋਂ ਭਾਰਤ ਆਏ ਸਨ। ਉਨ੍ਹਾਂ ਦੀ ਮਾਤਾ ਅਰਬ ਸ਼ੇਖ਼ ਮੁਹੰਮਦ ਜ਼ਾਹਰ ਵੱਤਰੀ ਦੀ ਧੀ ਸੀ। ਉਨਾਂ ਦੇ ਪਿਤਾ ਮੌਲਾਨਾ ਖ਼ੈਰ-ਉਦ-ਦੀਨ ਇੱਕ ਬੰਗਾਲੀ ਮੁਸਲਮਾਨ ਸਨ। ਉਹ 1857 ਈਸਵੀ ‘ਚ ਭਾਰਤ ਦੇ ਪਹਿਲੇ ਅਜ਼ਾਦੀ ਸੰਗਰਾਮ ਸਮੇਂ ਪਰਿਵਾਰ ਸਮੇਤ ਮੱਕਾ ਜਾ ਵਸੇ ਸਨ ਅਤੇ 1890 ਈਸਵੀ ਵਿੱਚ ਵਾਪਸ ਕਲਕਤਾ ਆਏ ਸਨ।
ਮੌਲਾਨਾ ਆਜ਼ਾਦ ਨੂੰ ਪਰਿਵਾਰ ਦੀ ਇੱਛਾ ਅਨੁਸਾਰ ਰਵਾਇਤੀ ਮੁਸਲਿਮ ਸਿੱਖਿਆ ਹਾਸਲ ਕਰਨੀ ਪਈ। ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਜੀ ਕੋਲੋਂ ਹੀ ਸਿੱਖਿਆ ਪ੍ਰਾਪਤ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਘਰ ‘ਚ ਹੀ ਦੂਸਰੇ ਮਾਹਿਰ ਅਧਿਆਪਕਾਂ ਤੋਂ ਅਰਬੀ ਅਤੇ ਪਰਸ਼ੀਅਨ ਭਾਸ਼ਾ ਸਿੱਖਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦਰਸ਼ਨ ਸਾਸ਼ਤਰ, ਗਣਿਤ ਅਤੇ ਅਲਜ਼ਬਰਾ ਦੀ ਸਿੱਖਿਆ ਗ੍ਰਹਿਣ ਕੀਤੀ। ਉਨ੍ਹਾਂ ਸਵੈ-ਅਧਿਐਨ ਰਾਹੀਂ ਅੰਗਰੇਜ਼ੀ, ਵਿਸ਼ਵ ਇਤਿਹਾਸ ਅਤੇ ਰਾਜਨੀਤੀ ਬਾਰੇ ਵੀ ਗਿਆਨ ਹਾਸਲ ਕੀਤਾ।
ਮੌਲਾਨਾ ਆਜ਼ਾਦ ਦੁਆਰਾ ਪ੍ਰਾਪਤ ਡੂੰਘਾ ਗਿਆਨ ਉਨ੍ਹਾਂ ਲਈ ਪੁਰਾਤਨ ਅਤੇ ਰੂੜੀਵਾਦੀ ਰਵਾਇਤਾਂ ਨੂੰ ਤਿਆਗਣ, ਨਵੀਆਂ ਖੋਜਾਂ ਅਤੇ ਸਿਧਾਂਤਾਂ ਨੂੰ ਅਪਣਾਉਣ ਵਿੱਚ ਸਹਾਈ ਹੋਇਆ। ਉਨ੍ਹਾਂ ਨੇ ਮਿਸਰ, ਸੀਰੀਆ, ਅਫ਼ਗਾਨਿਸਤਾਨ, ਇਰਾਕ ਅਤੇ ਤੁਰਕੀ ਦਾ ਦੌਰਾ ਕਰਕੇ ਕ੍ਰਾਂਤੀਕਾਰੀ ਗਤੀਵਿਧੀਆਂ ਬਾਰੇ ਜਾਨਣ ਲਈ ਉਥੋਂ ਦੇ ਕ੍ਰਾਂਤੀਕਾਰੀਆਂ ਨਾਲ ਮੇਲ-ਜੋਲ ਸਥਾਪਿਤ ਕੀਤਾ। ਇਹ ਕ੍ਰਾਂਤੀਕਾਰੀ ਆਪਣੇ ਦੇਸ਼ ਵਿੱਚ ਸੰਵਿਧਾਨਕ ਸਰਕਾਰਾਂ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇ ਸਨ।
ਆਪਣੀ ਵਿਦੇਸ਼ ਵਾਪਸੀ ‘ਤੇ ਮੌਲਾਨਾ ਆਜ਼ਾਦ ਨੇ ਦੋ ਮਸ਼ਹੂਰ ਭਾਰਤੀ ਕ੍ਰਾਂਤੀਕਾਰੀਆਂ ਅਰਵਿੰਦੋ ਘੋਸ਼ ਅਤੇ ਸ੍ਰੀ ਸਿਆਮ ਸੁੰਦਰ ਚੱਕਰਵਰਤੀ ਨਾਲ ਤਾਲਮੇਲ ਕੀਤਾ ਅਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਕ੍ਰਾਂਤੀਕਾਰੀ ਲਹਿਰ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਮਹਿਸੂਸ ਕੀਤਾ ਕਿ ਕ੍ਰਾਂਤੀਕਾਰੀ ਗਤੀਵਿਧੀਆਂ ਸਿਰਫ਼ ਬਿਹਾਰ ਅਤੇ ਬੰਗਾਲ ਤੱਕ ਹੀ ਸੀਮਤ ਹਨ। ਉਨ੍ਹਾਂ ਦੇ ਯਤਨਾਂ ਸਦਕਾ ਬੰਬਈ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗੁਪਤ ਕ੍ਰਾਂਤੀਕਾਰੀ ਸੰਗਠਨ ਹੋਂਦ ਵਿੱਚ ਆਏ। ਉਨ੍ਹਾਂ ਨੇ ਅੰਗਰੇਜ਼ਾਂ ਦੁਆਰਾ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਅੱਖੋਂ-ਪਰੋਖੇ ਕਰਨ ਅਤੇ ਭਾਰਤੀ ਲੋਕਾਂ ਨਾਲ ਕੀਤਾ ਜਾਂਦੇ ਨਸਲੀ ਵਿਤਕਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਮੁਸਲਮਾਨ ਆਗੂਆਂ ਦੁਆਰਾ ਰਾਸ਼ਟਰੀ ਹਿੱਤਾਂ ਦੇ ਸਾਹਮਣੇ ਫ਼ਿਰਕੂ ਮੁੱਦਿਆਂ ਨੂੰ ਉਭਾਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਲੀਗ ਦੀ ਫ਼ਿਰਕੂ ਵੰਡ ਦੀ ਨੀਤੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਉਨ੍ਹਾਂ ਦਾ ਵਿਚਾਰ ਸੀ ਕਿ ਦੇਸ਼ ਦੇ ਹਿੱਤ ਸਭ ਤੋਂ ਉੱਪਰ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੇ ਹਿੱਤ।
ਮੌਲਾਨਾ ਆਜ਼ਾਦ ਦੇ ਬਗਾਵਤੀ ਸੁਭਾਅ ਅਤੇ ਰਾਜਨੀਤੀ ਵੱਲ ਝੁਕਾਅ ਨੇ ਉਨ੍ਹਾਂ ਨੂੰ ਇੱਕ ਧਾਰਮਿਕ ਸਖ਼ਸ਼ੀਅਤ ਬਣਨ ਦੀ ਬਜਾਏ ਪੱਤਰਕਾਰਾਂ ਵਾਲੇ ਪਾਸੇ ਮੋੜ ਦਿੱਤਾ। 1912 ਵਿੱਚ ਮੌਲਾਨਾ ਆਜ਼ਾਦ ਨੇ ਇੱਕ ਹਫ਼ਤਾਵਾਰੀ ਉਰਦੂ ਅਖ਼ਬਾਰ ‘ਅਲ-ਹਿਲਾਲ’ ਸ਼ੁਰੂ ਕੀਤਾ। ਉਨਾਂ ਆਪਣੇ ਅਖ਼ਬਾਰ ਵਿੱਚ ਸਿੱਧੇ ਤੌਰ ‘ਤੇ ਅੰਗਰੇਜ਼ਾਂ ਦੀਆਂ ਭਾਰਤ ਵਿਰੋਧੀ ਨੀਤੀਆਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰਾਂ ਦੇ ਕ੍ਰਾਂਤੀਕਾਰੀ ਵਿਚਾਰ ਛਪਣ ਕਾਰਨ ਇਹ ਅਖ਼ਬਾਰ ਬਹੁਤ ਜਲਦੀ ਹੀ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ। ਅੰਗਰੇਜ਼ ਸਰਕਾਰ ਇਸ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਇਸ ਨੂੰ ਬੰਦ ਕਰਵਾ ਦਿੱਤਾ। 1916 ਵਿੱਚ ਉਨਾਂ ਇੱਕ ਹੋਰ ਹਫ਼ਤਾਵਾਰੀ ਪਰਚਾ ਕੱਢਣਾ ਸ਼ੁਰੂ ਕੀਤਾ। ਇਸ ਨੂੰ ਵੀ ਸਰਕਾਰ ਦੁਆਰਾ ਬੰਦ ਕਰਵਾ ਦਿੱਤਾ ਗਿਆ। ਨੌਜਵਾਨ ਵਰਗ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੀ ਅਜ਼ਾਦੀ ਦੀ ਜੰਗ ਵਿੱਚ ਮਰ ਮਿਟਣ ਲਈ ਤਿਆਰ ਹੋ ਗਿਆ। ਇਸ ਨਾਲ ਹਿੰਦੂ-ਮੁਸਲਿਮ ਏਕਤਾ ਨੂੰ ਵੀ ਬਲ਼ ਮਿਲਿਆ। ਆਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਕਰਕੇ ਆਜ਼ਾਦ ਨੂੰ ਕੋਲਕਤਾ ਛੱਡਣਾ ਪਿਆ। ਅੰਗਰੇਜ਼ ਹਕੂਮਤ ਨੇ ਰਾਂਚੀ ਵਿੱਚ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਅਤੇ 1920 ਈਸਵੀ ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਰਿਹਾ ਕੀਤਾ ਗਿਆ।
ਤੁਰਕੀ ਦੇ ਸੁਲਤਾਨ ਜਿਸ ਨੂੰ ਕਿ ਮੁਸਲਿਮ ਜਗਤ ਦਾ ‘ਖ਼ਲੀਫ਼ਾ’ ਮੰਨਿਆਂ ਜਾਂਦਾ ਸੀ ਨੂੰ ਅੰਗਰੇਜ਼ਾਂ ਦੁਆਰਾ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਤੁਰਕੀ ਦੀ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ। ਉਸ ਨੂੰ ਦੁਬਾਰਾ ਗੱਦੀ ਤੇ ਬਿਠਾਉਣ ਅਤੇ ਅੰਗਰੇਜ਼ਾ ਦੀਆਂ ਮਾਰ੍ਵ ਨੀਤੀਆਂ ਦਾ ਵਿਰੋਧ ਕਰਨ ਲਈ ਮੌਲਾਨਾ ਆਜ਼ਾਦ ਨੇ 1920 ਈਸਵੀ ਵਿੱਚ ‘ਖ਼ਿਲਾਫ਼ਤ ਅੰਦੋਲਨ’ ਸ਼ੁਰੂ ਕੀਤਾ ਅਤੇ ਮਹਾਤਮਾ ਗਾਂਧੀ ਦੁਆਰਾ ਚਲਾਏ ਨਾ-ਮਿਲਵਰਤਨ ਅੰਦੋਲਨ ਦਾ ਵੀ ਸਮਰਥਨ ਕੀਤਾ। 1920 ਵਿੱਚ ਹੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਵੀ ਮੈਂਬਰ ਬਣੇ। 1930 ਈਸਵੀ ਵਿੱਚ ਉਨ੍ਹਾਂ ਨੂੰ ਨਮਕ ਕਾਨੂੰਨ ਤੋੜਨ ਬਦਲੇ ਗ੍ਰਿਫ਼ਤਾਰ ਕੀਤਾ ਗਿਆ। ਲਗਭਗ ਡੇਢ ਸਾਲ ਉਹ ਮੇਰਠ ਜੇਲ ਵਿੱਚ ਰਹੇ।
1940 ਈਸਵੀ ਵਿੱਚ ਮੌਲਾਨਾ ਆਜ਼ਾਦ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਉਹ 1946 ਈਸਵੀ ਤੱਕ ਇਸ ਅਹੁੱਦੇ ਤੇ ਰਹੇ। ਉਹ ਭਾਰਤ ਦੀ ਵੰਡ ਕਰਨ ਦੀ ਅੰਗਰੇਜ਼ਾਂ ਦੀ ਨੀਤੀ ਦੇ ਕੱਟੜ ਵਿਰੋਧੀ ਸਨ। ਭਾਰਤ ਦੀ ਵੰਡ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਿਆ। ਉਨ੍ਹਾਂ ਦੁਆਰਾ ਅਜ਼ਾਦ ਭਾਰਤ ਦਾ ਦੇਖਿਆ ਸੁਪਨਾ, ਜਿਸ ਵਿੱਚ ਹਿੰਦੂ ਅਤੇ ਮੁਸਲਮਾਨ ਇਕੱਠੇ ਮਿਲ ਕੇ ਰਹਿੰਦੇ ਸਨ ਚਕਨਾਚੂਰ ਹੋ ਗਿਆ।
ਅਜ਼ਾਦ ਭਾਰਤ ਵਿੱਚ ਬਣੀ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਹ 1947 ਤੋਂ 1958 ਤੱਕ ਸਿੱਖਿਆ ਮੰਤਰੀ ਰਹੇ। ਉਨਾਂ ਨੇ ਪੇਂਡੂ ਗਰੀਬਾਂ ਅਤੇ ਲੜਕੀਆਂ ਨੂੰ ਸਿੱਖਿਆ ਦੇਣ ਲਈ ਵਿਸੇਸ਼ ਉਪਰਾਲੇ ਕੀਤੇ। ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਦੇ ਚੇਅਰਮੈਨ ਹੁੰਦੇ ਸਮੇਂ ਉਨਾਂ ਨੇ ਬਾਲਗ ਸਿੱਖਿਆ, ਪ੍ਰਾਇਮਰੀ ਸਿੱਖਿਆ, 14 ਸਾਲ ਤੱਕ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਅਤੇ ਲੜਕੀਆਂ ਦੀ ਸਿੱਖਿਆ ਤੇ ਵਿਸੇਸ਼ ਜੋਰ ਦਿੱਤਾ। 16 ਜਨਵਰੀ, 1948 ਈਸਵੀ ਵਿੱਚ ਉਨਾਂ ਸਰਬ ਭਾਰਤੀ ਸਿੱਖਿਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ਅਸੀਂ ਇੱਕ ਪਲ਼ ਲਈ ਵੀ ਇਹ ਨਹੀਂ ਭੁਲਾ ਸਕਦੇ ਕਿ ਸਿੱਖਿਆ ਪ੍ਰਾਪਤ ਕਰਨਾ ਹਰ ਇੱਕ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਇਸ ਤੋਂ ਬਿਨਾਂ ਉਹ ਆਪਣੇ ਦੇਸ਼ ਪ੍ਰਤੀ ਇੱਕ ਜ਼ਿੰਮੇਵਾਰ ਨਾਗਰਿਕ ਦੇ ਫ਼ਰਜ਼ਾਂ ਨੂੰ ਨਹੀਂ ਨਿਭਾਅ ਸਕਦਾ।
ਮੌਲਾਨਾ ਆਜ਼ਾਦ ਦੀ ਨਿਗਰਾਨੀ ਹੇਠ ਕੇਂਦਰੀ ਸਿੱਖਿਆ ਸੰਸਥਾ ਦਿੱਲੀ ਦੀ ਸਥਾਪਨਾ ਕੀਤੀ ਗਈ ਜਿਹੜੀ ਕਿ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਦੇਸ਼ ਦੀਆਂ ਸਿੱਖਿਆ ਸਬੰਧੀ ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖ਼ੋਜ ਕੇਂਦਰ ਬਣ ਗਈ। ਉਨਾਂ ਦੀ ਅਗਵਾਈ ਵਿੱਚ ਹੀ ਸਿੱਖਿਆ ਮੰਤਰਾਲੇ ਦੁਆਰਾ 1951 ਈਸਵੀ ਵਿੱਚ ਖੜਗਪੁਰ ਵਿਖੇ ਪਹਿਲੀ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, 1953 ਈਸਵੀ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਭਾਰਤੀ ਡਰਾਮਾ, ਸੰਗੀਤ ਅਤੇ ਨਾਟਕ ਅਕਾਦਮੀ, 1954 ਈਸਵੀ ਵਿੱਚ ਸਾਹਿਤ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ, ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ ਬੈਂਗਲੋਰ ਵਿੱਚ ਬਣੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਅਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਵਿਕਾਸ ਉਪਰ ਜ਼ੋਰ ਦਿੱਤਾ।
ਭਾਰਤ ਦੇ ਘੱਟ ਗਿਣਤੀਆਂ ਨਾਲ ਸਬੰਧਤ ਮੰਤਰਾਲੇ ਦੁਆਰਾ 1989 ਈਸਵੀ ਵਿੱਚ ਮੌਲਾਨਾ ਆਜ਼ਾਦ ਦੇ ਨਾਮ ਤੇ ਇੱਕ ਸਿੱਖਿਆ ਸੰਸਥਾ ਦੀ ਸਥਾਪਨਾ ਕੀਤੀ ਗਈ ਜਿਸ ਦਾ ਮਕਸਦ ਸਿੱਖਿਆ ਵਿੱਚ ਪਛੜੇ ਵਰਗਾਂ ਵਿੱਚ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਯਤਨ ਕਰਨਾ ਸੀ।
ਦਿਲ ਦੇ ਦੌਰੇ ਕਾਰਨ 22 ਫ਼ਰਵਰੀ 1958 ਈਸਵੀ ਵਿੱਚ ਉਹ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਏ। ਆਜਾਦੀ ਤੋਂ ਬਾਅਦ ਭਾਰਤ ‘ਚ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਸਦਕਾ ਉਨ੍ਹਾਂ ਦਾ ਜਨਮ ਦਿਨ ਭਾਰਤ ਸਰਕਾਰ ਵੱਲੋਂ 2008 ਤੋਂ ‘ਰਾਸ਼ਟਰੀ ਸਿੱਖਿਆ ਦਿਵਸ’ ਵਜੋ ਮਨਾਇਆ ਜਾਂਦਾ ਹੈ। 1992 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ ਸਰਵ ਉੱਚ ਭਾਰਤੀ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ। 16 ਨਵੰਬਰ 2005 ਈਸਵੀ ਵਿੱਚ ਦਿੱਲੀ ਹਾਈ ਕੋਰਟ ਨੇ ਭਾਰਤ ਸਰਕਾਰ ਨੂੰ ਜਾਮਾ ਮਸਜ਼ਿਦ ਨਵੀਂ ਦਿੱਲੀ ਵਿੱਚ ਬਣੀ ਹੋਈ ਮੌਲਾਨਾ ਆਜ਼ਾਦ ਦੀ ਕਬਰ ਦੀ ਮੁਰੰਮਤ ਤੋਂ ਬਾਅਦ ਨਵਾਂ ਰੂਪ ਦੇ ਕੇ ਇੱਕ ਵੱਡੀ ਰਾਸ਼ਟਰੀ ਯਾਦਗਾਰ ਵਜੋਂ ਸਾਭਣ ਦਾ ਹੁਕਮ ਦਿੱਤਾ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਉਨਾਂ ਦੀ ਕਬਰ ਨੂੰ ਵੇਖਣ ਲਈ ਆਉਂਦੇ ਹਨ। ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਅਹਿਮ ਯੋਗਦਾਨ ਸਦਕਾ ਉਹ ਸਦਾ ਯਾਦ ਕੀਤੇ ਜਾਂਦੇ ਰਹਿਣਗੇ। ਜੈ ਹਿੰਦ !

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼ (11 ਜੁਲਾਈ)

ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2015 ਨੂੰ ਲਗਭਗ 7,263,339,729 ਹੋ ਗਈ। ਜਨਸੰਖਿਆ ਦਾ ਅਨੁਮਾਨ ਧਰਤੀ ਦੇ ਵਾਰਸ ਸਿਰਫ ਅਸੀਂ ਜਾਂ


Print Friendly
Important Days0 Comments

ਅਮਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ (ਅੱਜ ਜਨਮ ਦਿਨ ਤੇ ਵਿਸ਼ੇਸ਼)

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਦੇ ਘਰ ਪਿੰਡ ਬਦਰਕਾ ਜ਼ਿਲ੍ਹਾ ਉਂਨਾਵ ਵਿਖੇ ਹੋਇਆ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ


Print Friendly
Important Days0 Comments

The International Day of Peace – 21 September 2015

A Day Devoted to Strengthening the Ideals of Peace International Day of Peace (“Peace Day”) is observed around the world each year on 21 September. Established in 1981 by resolution


Print Friendly