Print Friendly
ਅਸਲੋਂ ਹੀ ਵਿਲੱਖਣ ਤੇ ਨਿਵੇਕਲੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ !!! – (26 ਦਸੰਬਰ ਤੇ ਵਿਸ਼ੇਸ਼)

ਅਸਲੋਂ ਹੀ ਵਿਲੱਖਣ ਤੇ ਨਿਵੇਕਲੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ !!! – (26 ਦਸੰਬਰ ਤੇ ਵਿਸ਼ੇਸ਼)

ਸੰਸਾਰ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਤਵਾਰੀਖ਼ ਅੰਦਰ ਸਦੀਵੀ ਰੂਪ ਵਿਚ ਅੰਕਿਤ ਹੋ ਜਾਂਦੀਆਂ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਅਜਿਹਾ ਪੱਤਰਾ ਹੈ, ਜੋ ਗੁਰਮਤਿ ਜੀਵਨ-ਜੁਗਤਿ ਦੀ ਰੌਸ਼ਨੀ ਵਿਚ ਧਰਮ ਹਿੱਤ ਆਪਾ ਵਾਰਨ ਦੀ ਪ੍ਰੇਰਨਾ ਦਿੰਦਾ ਹੈ। ਉਂਝ ਤਾਂ ਸਿੱਖ ਧਰਮ ਦੇ ਇਤਿਹਾਸ ਵਿਚ ਅਨੇਕਾਂ ਕਹਾਣੀਆਂ, ਗਾਥਾਵਾਂ, ਘਟਨਾਵਾਂ ਹਨ, ਜੋ ਆਪਣੀ ਸ਼ਾਹਦੀ ਆਪ ਭਰਦੀਆਂ ਹਨ ਪਰ ਸਾਕਾ ਸਰਹਿੰਦ ਉਨ੍ਹਾਂ ‘ਚੋਂ ਇਕ ਨਿਵੇਕਲੀ ਰੌਂਗਟੇ ਖੜ੍ਹੇ ਕਰਨ ਵਾਲੀ ਅਭੁੱਲ ਗਾਥਾ ਹੈ ਕਿਉਂਕਿ ਇਸ ਸਾਕੇ ਨੇ ਸਿੱਖ ਮਾਨਸਿਕਤਾ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਜਵਾਲਾ ਨੂੰ ਹੋਰ ਭੜਕਾ ਦਿੱਤਾ।
ਇਸ ਸਾਕੇ ਨੇ ਸਿੱਖ ਸੰਘਰਸ਼ ਵਿਚ ਨਵੀਂ ਰੂਹ ਫੂਕ ਦਿੱਤੀ। ਮੁਕਤਸਰ ਸਾਹਿਬ ਦੀ ਜੰਗ ਵਿਚ ਹੋਈ ਜਿੱਤ ਅਤੇ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅਜਿਹੀ ਉਥਲ-ਪੁਥਲ ਲਿਆਂਦੀ ਕਿ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ, ਸਿੰਘਾਸਣ ਡੋਲਣ ਲੱਗ ਪਿਆ। ਬਹਾਦਰ ਸ਼ਾਹ ਅਤੇ ਉਸ ਪਿੱਛੋਂ ਫ਼ਰੁਖਸੀਅਰ ਨੂੰ ਖ਼ੁਦ ਸਿੱਖਾਂ ਵਿਰੁੱਧ ਮੁਹਿੰਮਾਂ ਦੀ ਅਗਵਾਈ ਕਰਨੀ ਪਈ। ਸਮੇਂ ਦਾ ਹੈਂਕੜਬਾਜ਼ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀਆਂ ਦੀ ਜੋ ਦਸ਼ਾ ਹੋਈ, ਉਹ ਇਤਿਹਾਸ ਬਣ ਗਿਆ। ਸਰਹਿੰਦ ‘ਤੇ ਸੁਹਾਗਾ ਫਿਰ ਗਿਆ। ਇਸ ਸਾਕੇ ਪਿੱਛੋਂ ਸਿੱਖ ਉਸ ਮੁਹਾਜ ‘ਤੇ ਹੋ ਤੁਰੇ, ਜਿਸ ਦੀ ਮੰਜ਼ਿਲ ਸਿੱਖ ਰਾਜ ਸੀ ਤੇ ਇਹ ਮੰਜ਼ਿਲ ਸਰ ਵੀ ਕੀਤੀ।
ਇਹ ਮਹਾਨ ਘਟਨਾਵਾਂ ਇਤਿਹਾਸ ਸਿਰਜਦੀਆਂ ਹਨ। ਇਨ੍ਹਾਂ ਘਟਨਾਵਾਂ ਕਰਕੇ ਹੀ ਕੌਮਾਂ ਵਿਚ ਅਣਖ ਨਾਲ ਜਿਊਣ ਅਤੇ ਧਰਮ ਯੁੱਧ ਲਈ ਚਾਅ ਪੈਦਾ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਸਲੋਂ ਹੀ ਵਿਲੱਖਣ ਤੇ ਨਿਵੇਕਲੀ ਹੈ। ਇਹ ਸਾਕਾ ਵਿਸਾਹਘਾਤ ਤੇ ਜ਼ੁਲਮ ਦਾ ਮੁਕਾਬਲਾ ਠਰੰ੍ਹਮੇ ਅਤੇ ਦਲੇਰੀ ਨਾਲ ਆਪਾ ਵਾਰਨ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਹੈ। ਸਾਕਾ ਸਰਹਿੰਦ ਦੀ ਦਾਸਤਾਨ ਸਿੱਖ ਹਿਰਦਿਆਂ ਵਿਚ ਲੂੰ-ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਹੈ। ਸੀਤ ਭਰੀ ਕਹਿਰ ਦੀ ਰਾਤ ਆਨੰਦਪੁਰ ਸਾਹਿਬ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਇਸ ਇਤਿਹਾਸਿਕ ਸਾਕੇ ਦੇ ਵੱਡੇ ਪਹਿਲੂ ਹਨ। ਇਸ ਘਟਨਾ ਦੌਰਾਨ ਦਸਮੇਸ਼ ਪਿਤਾ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਮੇਤ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਪਿੰਡ ਖੇੜੀ (ਸਹੇੜੀ) ਵੱਲ ਨਿਕਲ ਗਏ। ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਵੇਖ ਤੇ ਸਰਕਾਰੀ ਇਨਾਮ ਦੇ ਲਾਲਚ ਨੇ ਗੰਗੂ ਦਾ ਮਨ ਡੁਲਾ ਦਿੱਤਾ। ਨਮਕ ਹਰਾਮੀ ਗੰਗੂ ਨੇ ਧਨ ਦੇ ਲਾਲਚ ਵਿਚ ਵਿਸਾਹਘਾਤ ਕੀਤਾ, ਜੋ ਕੰਮ ਦੁਸ਼ਮਣ ਨਹੀਂ ਸੀ ਕਰ ਸਕਦਾ, ਉਹ ਗੰਗੂ ਨੇ ਕਰ ਵਿਖਾਇਆ:
ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ।
ਟੁਕੜੋਂ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।
ਦੁਨੀਆਂ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ।
ਦੁਸ਼ਮਨ ਭੀ ਜੁ ਨ ਕਰਤਾ ਵਹੁ ਯਿ ਕਾਮ ਕਰ ਗਿਆ।
ਗੰਗੂ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਆਪਣੇ ਘਰ ਵਿਚ ਹੋਣ ਦੀ ਸੂਹ ਮੋਰਿੰਡੇ ਥਾਣੇ ਦੇ ਦਿੱਤੀ। ਉਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਸਮੇਤ ਪਕੜ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਵਾਲੇ ਕਰ ਦਿੱਤਾ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ। ਕਹਿਰ ਦੀ ਸੀਤ ਵਿਚ ਭੁੱਖੇ ਭਾਣੇ ਸਾਰੀ ਰਾਤ ਦਾਦੀ ਮਾਂ ਦੀ ਗੋਦ ਵਿਚ ਬੈਠੇ ਸਾਹਿਬਜ਼ਾਦੇ ਦਾਦੀ ਮਾਂ ਪਾਸੋਂ ਪਿਤਾ ਦੀ ਸੂਰਮਗਤੀ, ਦਾਦਿਆਂ-ਪੜਦਾਦਿਆਂ ਦੀ ਕੁਰਬਾਨੀ ਦੀਆਂ ਬਾਤਾਂ ਸੁਣਦੇ ਸਿੱਖੀ ਅਸੂਲਾਂ ‘ਤੇ ਦ੍ਰਿੜ੍ਹ ਰਹਿਣ ਦੀ ਸਿੱਖਿਆ ਲੈਂਦੇ ਰਹੇ। ਦਾਦੀ ਮਾਂ ਦੀ ਗੋਦ ‘ਚ ਬੈਠਿਆਂ ਬਾਤਾਂ ਸੁਣ ਏਨੀ ਦ੍ਰਿੜ੍ਹਤਾ ਆ ਗਈ ਅਤੇ ਉਨ੍ਹਾਂ ਨੇ ਦਾਦੀ ਮਾਂ ਨੂੰ ਭਰੋਸਾ ਇਸ ਤਰ੍ਹਾਂ ਦਿੱਤਾ :
ਧੰਨਯ ਭਾਗ ਹਮਰੇ ਹੈਂ ਮਾਈ। ਧਰਮ ਹੇਤਿ ਤਨ ਜੇ ਕਰਿ ਜਾਈ। (ਪੰਥ ਪ੍ਰਕਾਸ਼)
ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਪੇਸ਼ ਕਰਨ ਦਾ ਹੁਕਮ ਹੋਇਆ। ਸਾਹਿਬਜ਼ਾਦਿਆਂ ਦੇ ਹੌਸਲੇ ਬੁਲੰਦ ਸਨ। ਮਾਤਾ ਗੁਜਰੀ ਜੀ ਦਿਲ ਹੀ ਦਿਲ ਵਿਚ ਫਿਕਰਮੰਦ ਸਨ। ਬੱਚਿਆਂ ਨੂੰੰ ਤਿਆਰ ਕੀਤਾ ਗਿਆ। ਕਚਹਿਰੀ ਪੇਸ਼ ਹੋਣ ‘ਤੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਤਿਆਰ ਕਰਦਿਆਂ ਦਾਦੀ ਮਾਂ ਦੀਆਂ ਭਾਵਨਾਵਾਂ ਨੂੰ ਸ਼ਾਇਰ ਅੱਲ੍ਹਾ ਯਾਰ ਖਾਂ ਨੇ ਆਪਣੇ ਸ਼ਬਦਾਂ ‘ਚ ਇੰਝ ਬਿਆਨ ਕੀਤਾ ਹੈ :
ਜਾਨੇ ਸੇ ਪਹਲੇ ਆਓ ਗਲੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋਂ ਲੂੰ।
ਪਿਆਰੇ ਸੇ ਸਰੋਂ ਪਰ ਨਨ੍ਹੀ ਸੀ ਕਲਗੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ। (ਸ਼ਹੀਦਾਨਿ ਵਫ਼ਾ)
ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ। ਪਹਿਲਾਂ ਧਨ, ਦੌਲਤ, ਜਗੀਰਾਂ, ਸ਼ਾਹੀ ਡੋਲੀਆਂ ਦੇ ਲਾਲਚ ਦਿੱਤੇ ਗਏ, ਫਿਰ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ। ਕੋਮਲ ਜਿੰਦਾਂ ਦੇ ਚਿਹਰਿਆਂ ‘ਤੇ ਵੀਰਤਾ ਤੇ ਜੁਰਅੱਤ ਪ੍ਰਤੱਖ ਦਿਸ ਰਹੀ ਸੀ। ਸਾਹਿਬਜ਼ਾਦਿਆਂ ਨੇ ਅਡੋਲ ਚਿਤ ਰਹਿੰਦਿਆਂ ਰੋਅਬ ਭਰੇ ਜੁਆਬ ਵੀ ਦਿੱਤੇ। ਇਨ੍ਹਾਂ ਜੁਆਬਾਂ ਨੇ ਸਾਰੀ ਅਮੀਰ ਤੇ ਵਜ਼ੀਰ ਮੰਡਲੀ ਨੂੰ ਕੰਬਣੀ ਜਿਹੀ ਛੇੜ ਦਿੱਤੀ, ਕਵੀ ਅੱਲ੍ਹਾ ਯਾਰ ਖਾਂ ਦੇ ਸ਼ਬਦਾਂ ‘ਚ :
ਥੀ ਪਿਆਰੀ ਸੂਰਤੋਂ ਸੇ ਸੁਜ਼ਆਤ ਬਰਸ ਰਹੀ। ਨਨ੍ਹੀ ਸੀ ਮੂਰਤੋਂ ਸੇ ਥੀ ਜੁਰਅਤ ਬਰਸ ਰਹੀ।
ਰੁਖ਼ ਪਰ ਨਵਾਬ ਕੇ ਸ਼ਕਾਵਤ ਬਰਸ ਰਹੀ। ਰਾਜੋਂ ਕੋ ਮੂੰਹ ਪਿ ਸਾਫ਼ ਥੀ ਲਾਅਨਤ ਬਰਸ ਰਹੀ।
ਬੱਚੋਂ ਕਾ ਰੋਅਬ ਛਾ ਗਿਆ ਹਰ ਇਕ ਮੁਸ਼ੀਰ ਪਰ। ਲਰਜ਼ੀ ਸਾ ਪੜ ਗਿਆ ਥਾ ਅਮੀਰੋਂ ਵਜ਼ੀਰ ਪਰ।
ਲਗਾਤਾਰ ਦੋ ਦਿਨ ਲਾਲਚ, ਡਰਾਵੇ ਅਤੇ ਧਮਕੀਆਂ ਦਾ ਦੌਰ ਚੱਲਦਾ ਰਿਹਾ। ਮੁੱਲਾਂ ਤੇ ਕਾਜ਼ੀਆਂ ਨੂੰ ਸਾਹਿਬਜ਼ਾਦਿਆਂ ਦੀ ਸਜ਼ਾ ਨਿਸ਼ਚਿਤ ਕਰਨ ਲਈ ਕਿਹਾ ਗਿਆ, ਜੋ ਅਨੋਖੀ ਵੀ ਹੋਵੇ। ਮਾਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਂ ਨੂੰ ਸੱਦਿਆ ਗਿਆ ਕਿ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਲੈ ਲਵੇ ਪਰ ਸ਼ੇਰ ਮੁਹੰਮਦ ਨੇ ਕਿਹਾ ਕਿ ਦੁਸ਼ਮਣ (ਗੁਰੂ) ਤੋਂ ਬਦਲਾ ਮੈਦਾਨੇ-ਜੰਗ ਵਿਚ ਹੀ ਲਿਆ ਜਾਵੇਗਾ। ਇਨ੍ਹਾਂ ਬੱਚਿਆਂ ਰਾਹੀਂ ਬਦਲਾ ਲੈਣਾ ਪਾਪ ਹੈ, ਖ਼ੁਦਾ ਦਾ ਕਹਿਰ ਹੈ। ਇਸ ਲਈ ਰੱਬ ਸਾਨੂੰ ਇਸ ਕਹਿਰ ਤੋਂ ਬਚਾ ਲਵੇ। ਮੁਹੰਮਦ ਸ਼ੇਰ ਖਾਂ ਅੱਲ੍ਹਾ ਯਾਰ ਖਾਂ ਦੀ ਜ਼ੁਬਾਨੀ :
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਅਖੀਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਦੋਵੇਂ ਸਾਹਿਬਜ਼ਾਦੇ ਖੁਸ਼ੀ-ਖੁਸ਼ੀ ਕਸ਼ਟ ਸਹਿ ਰਹੇ ਸਨ। ਸਜ਼ਾ ਦਾ ਭੋਰਾ ਵੀ ਗ਼ਮ ਉਨ੍ਹਾਂ ਦੇ ਚਿਹਰਿਆਂ ਉਤੇ ਨਹੀਂ ਸੀ, ਜੈਕਾਰੇ ਲਾਉਂਦੇ ਹੋਏ ਦੋਵੇਂ ਛੋਟੇ ਸਾਹਿਬਜ਼ਾਦੇ 26 ਦਿਸੰਬਰ ਸੰਨ 1705 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ `ਚ ਚਿੰਣਵਾ ਦਿੱਤੇ ਗਏ। ਉਸ ਸਮੇਂ ਉਹਨਾਂ ਦੀ ਉਮਰ ਛੇ `ਤੇ ਅੱਠ ਸਾਲ ਸੀ। ਉਸ ਸਮੇਂ ਦੇ ਵਾਕਿਆਤ ਨੂੰ ਕਵੀ ਨੇ ਇੰਝ ਬਿਆਨ ਕੀਤਾ ਹੈ :
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ।
ਕਹਤੇ ਹੁਏ ਜ਼ਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ।
ਚਿਹਰੋਂ ਪਿ ਗ਼ਮ ਕਾ ਨਾਮ ਨ: ਥਾ ਔਰ ਨ: ਥਾ ਮਲਾਲ।
ਜਾ ਠਹਰੇ ਸਰ ਪ: ਮੌਤ ਕੇ ਫਿਰ ਭੀ ਨ: ਥਾ ਖਯਾਲ।
ਜਿਸ ਦਮ ਗਲੇ ਗਲੇ ਥੇ ਵੁਹ ਮਅਸੂਮ ਗੜ ਗਏ।
ਦਿਨ ਛੁਪਨੇ ਭੀ ਨ: ਪਾਇਆ ਕਿ ਕਾਤਿਲ ਉਜੜ ਗਏ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਮਾਤਾ ਗੁਜਰੀ ਵੀ ਠੰਡੇ ਬੁਰਜ ਵਿਚ ਗੁਰਪੁਰੀ ਪਿਆਨਾ ਕਰ ਗਏ। ਦੀਵਾਨ ਟੋਡਰ ਮੱਲ ਨੇ ਰਲ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਜ਼ਮੀਨ ਉਤੇ ਕੀਤਾ। ਇਸੇ ਸਥਾਨ ‘ਤੇ ਅੱਜਕਲ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਨੇ ਜਿਸ ਦਲੇਰੀ ਨਾਲ ਕਚਹਿਰੀ ਵਿਚ ਉੱਤਰ ਦਿੰਦਿਆਂ ਸਿਦਕਦਿਲੀ ਦਾ ਸਬੂਤ ਦਿੱਤਾ, ਮੌਤ ਦੇ ਭੈਅ ਤੋਂ ਰਹਿਤ ਹੋ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਹ ਸਾਡੇ ਸਭ ਲਈ ਅਤੇ ਵਿਸ਼ੇਸ਼ ਕਰਕੇ ਨੌਜੁਆਨਾਂ ਅਤੇ ਬੱਚਿਆਂ ਲਈ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਗੁਰਮਤਿ ਜੀਵਨ ‘ਚ ਦ੍ਰਿੜ੍ਹ ਹੁੰਦਿਆਂ ਸਿੱਖੀ ਸਰੂਪ ਨੂੰ ਸਾਂਭਣ ਦਾ ਪ੍ਰਣ ਲਈਏ ਅਤੇ ਆਪਣੇ ਮਹਾਨ ਵਿਰਸੇ ਦੀ ਆਣ ਬਾਣ ਅਤੇ ਸ਼ਾਨ ਨੂੰ ਬਰਕਰਾਰ ਰੱਖੀਏ। ਜੈ ਹਿੰਦ !

– ਵਿਜੈ ਗੁਪਤਾ, ਸ.ਸ. ਅਧਿਆਪਕ
ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਮਹਾਨ ਤਪਸਵੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ (30 ਅਗਸਤ) ਤੇ ਵਿਸ਼ੇਸ਼

ਹਿੰਦ ਦੀ ਧਰਤੀ ਉਤੇ ਸਮੇਂ-ਸਮੇਂ ‘ਤੇ ਭਗਵਾਨ ਨੇ ਇਨਸਾਨੀਅਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਧਾਰਿਆ ਹੈ, ਜਿਨ੍ਹਾਂ ‘ਚ ਪ੍ਰਮਾਤਮਾ ਦਾ ਇਕ ਸਾਖ਼ਸ਼ਾਤ ਰੂਪ ਬਾਬਾ ਸ਼੍ਰੀ ਚੰਦ


Print Friendly
Important Days0 Comments

“ਮਾਘੀ ਦਾ ਮੇਲਾ – 14 ਜਨਵਰੀ” ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆਂ….

ਮਾਘੀ ਦਾ ਮੇਲਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਦਾਂ ਜੋ ਮੁਸ਼ਕਿਲਾ ਤੋਂ ਤੰਗ ਆ ਕੇ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਤੇ ਬੇਦਾਵਾ – ਲਿਖ ਕੇ


Print Friendly
Important Days0 Comments

ਲੂਈਸ ਪਾਸਚਰ ਦਾ ਮੰਤਰ, ਬੱਸ ਕੰਮ ਵਿੱਚ ਮਗਨ ਰਹੋ ! – 27 ਦਸੰਬਰ ਜਨਮ ਦਿਨ ਤੇ ਵਿਸ਼ੇਸ਼

ਕਿਸੇ ਹਲਕੇ ਕੁੱਤੇ ਦੇ ਸ਼ਿਕਾਰ ਹੋਏ ਵਿਅਕਤੀ ਕੋਲੋਂ ਪੁੱਛੋ ਕਿ ਉਸ ਦਾ ਇਲਾਜ ਕਿਵੇਂ ਹੋਇਆ ਤਾਂ ਉਹ ਫਟ ਬੋਲ ਪਵੇਗਾ ਕਿ ਰੈਬੀਜ਼ ਦੇ ਟੀਕੇ ਲਗਾ ਕੇ ਉਸ ਦਾ ਹਲਕਾਅ ਸਹੀ


Print Friendly