Print Friendly
ਹਿੰਦ ਦੀ ਚਾਦਰ – ਸ਼੍ਰੀ ਗੁਰੂ ਤੇਗ ਬਹਾਦਰ (12 ਦਸੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਹਿੰਦ ਦੀ ਚਾਦਰ – ਸ਼੍ਰੀ ਗੁਰੂ ਤੇਗ ਬਹਾਦਰ (12 ਦਸੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਸੰਨ 1672 ਦੇ ਆਰੰਭ ਵਿਚ ਗੁਰੂ ਸਾਹਿਬ ਅਨੰਦਪੁਰ ਸਾਹਿਬ ਪੁੱਜੇ ਅਤੇ 29 ਮਾਰਚ 1672 ਨੂੰ ਵਿਸਾਖੀ ਦਾ ਦਿਹਾੜਾ ਗੱਜਵੱਜ ਕੇ ਮਨਾਇਆ ਗਿਆ। 1673 ਦੀ ਵਿਸਾਖੀ ਤੇ ਦੀਵਾਲੀ ਵੀ ਅਨੰਦਪੁਰ ਸਾਹਿਬ ਵਿਖੇ ਹੀ ਮਨਾਈਆਂ ਗਈਆਂ। ‘ਮੁਆਸਰਿ ਆਲਮਗੀਰੀ’ ਮੁਤਾਬਕ ਉਤਰ ਪੱਛਮ ਫਰੰਟੀਅਰ ਸੂਬਿਆਂ ਵਿਚ ਹੋ ਰਹੀਆਂ ਬਗਾਵਤਾਂ ਦਬਾਉਣ ਲਈ ਔਰੰਗਜ਼ੇਬ 7 ਅਪ੍ਰੈਲ 1674 ਨੂੰ ਦਿੱਲੀ ਤੋਂ ਹਸਨ ਅਬਦਾਲ ਰਵਾਨਾ ਹੋਇਆ। ਔਰੰਗਜ਼ੇਬ ਦੇ ਹਸਨ ਅਬਦਾਲ ਜਾ ਟਿਕਾਣਾ ਕਰ ਲੈਣ ਉਪਰੰਤ ਗੁਰੂ ਸਾਹਿਬ ਮਾਲਵੇ ਵਿਚ ਪ੍ਰਚਾਰ ਦੌਰਿਆਂ ‘ਤੇ ਨਿਕਲ ਗਏ। ਜਦ ਗੁਰੂ ਤੇਗ ਬਹਾਦਰ ਸਾਹਿਬ ਮਾਲਵੇ ਵਿਚ ਧਰਮ ਪ੍ਰਚਾਰ ਕਰ ਰਹੇ ਸਨ, ਉਦੋਂ ਔਰੰਗਜ਼ੇਬ ਨੇ ਆਪਣੀ ਆਰਜ਼ੀ ਰਾਜਧਾਨੀ ‘ਹਸਨ ਅਬਦਾਲ’ ਬਣਾਕੇ ਕਸ਼ਮੀਰ ਦੇ ਗ਼ੈਰ-ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਲਈ ਮੁਹਿੰਮ ਤੇਜ਼ ਕਰ ਦਿੱਤੀ। ਦਿਨ ਦਿਹਾੜੇ ਹਿੰਦੂਆਂ ਦੇ ਜਨੇਊ ਤੋੜੇ ਜਾਂਦੇ, ਉਨ੍ਹਾਂ ਦੀਆਂ ਨੂੰਹਾਂ-ਧੀਆਂ ਨਾਲ ਬਲਾਤਕਾਰ ਹੁੰਦੇ ਤੇ ਮੰਦਰ ਢਾਹੇ ਜਾਂਦੇ।
ਔਰੰਗਜ਼ੇਬ ਦੇ ਜ਼ੁਲਮਾਂ ਦੇ ਸਤਾਏ ਹਿੰਦੂਆਂ ਨੇ ਸਿੱਖ ਪ੍ਰਚਾਰਕ ਕਿਰਪਾ ਰਾਮ ਨੂੰ ਸਾਲਸ ਬਣਾਕੇ ਗੁਰੂ ਤੇਗ ਬਹਾਦਰ ਸਾਹਿਬ ਤਕ ਪਹੁੰਚ ਕੀਤੀ। 25 ਮਈ 1675 ਨੂੰ ਕਿਰਪਾ ਰਾਮ ਦੀ ਅਗਵਾਈ ਵਿਚ 16 ਪੰਡਤਾਂ ਦਾ ਇਕ ਵਫਦ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ। (ਕਿਰਪਾ ਰਾਮ ਦੇ ਵੱਡੇ ਵਡੇਰੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ ਤੇ ਉਹ ਕਸ਼ਮੀਰ ਵਿਚ ਸਿੱਖੀ ਦਾ ਪ੍ਰਚਾਰ ਕਰ ਰਿਹਾ ਸੀ। ਮਗਰੋਂ ਇਹ ਕਿਰਪਾ ਰਾਮ ਅੰਮ੍ਰਿਤ ਛਕਕੇ ਕਿਰਪਾ ਸਿੰਘ ਬਣ ਗਿਆ ਸੀ ਤੇ ਚਮਕੌਰ ਦੀ ਜੰਗ ਵਿਚ ਸ਼ਹਾਦਤ ਦਾ ਜਾਮ ਪੀ ਗਿਆ ਸੀ)। ਗੁਰੂ ਤੇਗ ਬਹਾਦਰ ਸਾਹਿਬ ਵਲੋਂ ਔਰੰਗਜ਼ੇਬ ਦੇ ਸਤਾਏ ਲੋਕਾਂ ਦੀ ਬਾਂਹ ਫੜਨ ਦੀਆਂ ਖਬਰਾਂ ਮਗਰੋਂ ਔਰੰਗਜ਼ੇਬ ਨੇ ਬੜੇ ਤੈਸ਼ ਵਿਚ ਜੂਨ 1675 ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਹਾਲਾਤ ਗੰਭੀਰ ਹੁੰਦੇ ਵੇਖ ਗੁਰੂ ਸਾਹਿਬ ਨੇ 8 ਜੁਲਾਈ 1675 ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਹਾਲਾਤ ਗੰਭੀਰ ਹੁੰਦੇ ਵੇਖ ਗੁਰੂ ਸਾਹਿਬ ਨੇ 8 ਜੁਲਾਈ 1675 ਨੂੰ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੂੰ ਗੁਰਗੱਦੀ ਸੌਂਪ ਦਿੱਤੀ ਤੇ ਖੁਦ ਦਿੱਲੀ ਔਰੰਗਜ਼ੇਬ ਨਾਲ ਗੱਲਬਾਤ ਕਰਨ ਲਈ ਰਵਾਨਾ ਹੋਏ। ਉਸ ਸਮੇਂ ਗੁਰੂ ਸਾਹਿਬ ਨਾਲ ਵੱਡੀ ਗਿਣਤੀ ਵਿਚ ਸ਼ਸਤਰਧਾਰੀ ਸਿੱਖ ਵੀ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬੱਸੀ ਪਠਾਣਾਂ ਨੇੜੇ ਥਾਣੇਦਾਰ ਨੂਰ ਮੁਹੰਮਦ ਖਾਂ ਵਲੋਂ ਘੇਰ ਲਿਆ ਗਿਆ। ਉਸ ਨਾਲ ਭਾਰੀ ਗਿਣਤੀ ਵਿਚ ਫੌਜ ਸੀ। ਗੁਰੂ ਸਾਹਿਬ ਨੇ ਬੇਲੋੜੇ ਖੂਨ ਖਰਾਬੇ ਤੋਂ ਬਚਾਅ ਕਰਦਿਆਂ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਸਮੇਤ ਆਪਣੇ ਆਪ ਨੂੰ ਥਾਣੇਦਾਰ ਨੂਰ ਮੁਹੰਮਦ ਖਾਂ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਸਿੱਖਾਂ ਨੂੰ ਅਨੰਦਪੁਰ ਸਾਹਿਬ ਪਰਤ ਜਾਣ ਦਾ ਹੁਕਮ ਦਿੱਤਾ।
ਗੁਰੂ ਤੇਗ ਬਹਾਦਰ ਸਾਹਿਬ ਨੂੰ 3 ਸਿੱਖਾਂ ਸਮੇਤ ਪਹਿਲਾਂ ਤਿੰਨ ਮਹੀਨਿਆਂ ਤਕ ਬੱਸੀ ਪਠਾਣਾਂ ਦੇ ਕੈਦਖਾਨੇ ਵਿਚ ਤਸੀਹੇ ਦਿੱਤੇ ਜਾਂਦੇ ਰਹੇ। ਮਗਰੋਂ ਔਰੰਗਜ਼ੇਬ ਦੇ ਹੁਕਮਾਂ ‘ਤੇ ਗੁਰੂ ਸਾਹਿਬ ਨੂੰ ਲੋਹੇ ਦੇ ਪਿੰਜਰਿਆਂ ਵਿਚ ਬੰਦ ਕਰਕੇ ਦਿੱਲੀ ਲਿਜਾਇਆ ਗਿਆ। ਇਤਿਹਾਸਕ ਸਰੋਤਾਂ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਨੂੰ 3 ਨਵੰਬਰ 1675 ਨੂੰ ਚਾਂਦਨੀ ਚੌਂਕ ਦੀ ਕੋਤਵਾਲੀ ਵਿਚ ਪੁਚਾਇਆ ਗਿਆ। ਅਗਲੇ ਦਿਨ ਉਨ੍ਹਾਂ ਨੂੰ ਦਿੱਲੀ ਦੇ ਗਵਰਨਰ ਸਾਫੀ ਖਾਂ ਅੱਗੇ ਪੇਸ਼ ਕੀਤਾ ਗਿਆ। ਉਸਨੇ ਗੁਰੂ ਸਾਹਿਬ ਨੂੰ ਕਰਾਮਾਤ ਵਿਖਾਉਣ ਲਈ ਕਿਹਾ, ਪਰ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ। 5 ਨਵੰਬਰ ਨੂੰ ਹਕੂਮਤ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਾਹੀ ਹੁਕਮ ਰਾਹੀਂ ਕਿਹਾ ਗਿਆ, ਕਿ ਜੇਕਰ ਉਨ੍ਹਾਂ ਕਰਾਮਾਤ ਨਹੀਂ ਵਿਖਾਣੀ, ਤਾਂ ਉਹ ਮੁਸਲਮਾਨੀ ਮਤ ਧਾਰਨ ਕਰ ਲੈਣ। ਇਸੇ ਦੌਰਾਨ ਕਾਜ਼ੀ ਅਬਦੁਲ ਵਹਾਬ ਨੇ ਫਤਵਾ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ। ਤਿੰਨ ਦਿਨਾਂ ਤਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਖਤ ਤਸੀਹੇ ਦਿੱਤੇ ਜਾਂਦੇ ਰਹੇ। ਜਦੋਂ ਤਸੀਹਿਆਂ ਦਾ ਗੁਰੂ ਤੇਗ ਬਹਾਦਰ ਸਾਹਿਬ ਉਪਰ ਕੋਈ ਅਸਰ ਨਾ ਹੋਇਆ ਤਾਂ ਉਨ੍ਹਾਂ ਦੇ ਸਿੱਖਾਂ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਉਨ੍ਹਾਂ ਸਾਹਮਣੇ ਸ਼ਹੀਦ ਕਰਨ ਦਾ ਫੈਸਲਾ ਸੁਣਾਇਆ ਗਿਆ। ਤਿੰਨਾਂ ਸਿੱਖਾਂ ਨੂੰ 10 ਨਵੰਬਰ 1675 ਨੂੰ ਖੌਫਨਾਕ ਤਸੀਹੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਈਮਾਨ ਤੋਂ ਡੁਲਾਇਆ ਜਾ ਸਕੇ। ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀਦਾਸ ਨੂੰ ਰੂੰ ਵਿਚ ਲਪੇਟ ਕੇ ਸਾੜਿਆ ਗਿਆ ਤੇ ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਇਹ ਸਭ ਵੇਖਕੇ ਵੀ ਗੁਰੂ ਸਾਹਿਬ ਅਡੋਲ ਰਹੇ।
ਗੁਰੂ ਤੇਗ ਬਹਾਦਰ ਸਾਹਿਬ ਉਪਰ ਤਸੀਹਿਆਂ ਦਾ ਕੋਈ ਅਸਰ ਨਾ ਹੁੰਦਾ ਵੇਖਕੇ ਕਾਜ਼ੀ ਨੇ ਗੁਰੂ ਸਾਹਿਬ ਦਾ ਸੀਸ ਤਲਵਾਰ ਨਾਲ ਲਾਹੁਣ ਤੇ ਉਨ੍ਹਾਂ ਦੇ ਧੜ ਦੇ ਚਾਰ ਟੁਕੜੇ ਕਰਕੇ ਦਿੱਲੀ ਸ਼ਹਿਰ ਦੇ ਚਾਰੋਂ ਮੁੱਖ ਗੇਟਾਂ (ਦਿੱਲੀ ਗੇਟ, ਅਜਮੇਰੀ ਗੇਟ, ਲਾਹੌਰੀ ਗੇਟ ਅਤੇ ਕਸ਼ਮੀਰੀ ਗੇਟ) ‘ਤੇ ਟੰਗਣ ਦਾ ਅੰਤਮ ਫਤਵਾ ਸੁਣਾ ਦਿੱਤਾ। 11 ਨਵੰਬਰ 1675 ਨੂੰ ਸ਼ਾਮ ਦੇ ਵਕਤ ਕਾਜ਼ੀ ਦੇ ਫਤਵੇ ‘ਤੇ ਅਮਲ ਕਰਦਿਆਂ ਸਮਾਣੇ ਦੇ ਜੱਲਾਦ ਜਲਾਲੂਦੀਨ ਨੇ ਚਾਂਦਨੀ ਚੌਂਕ ਕੋਤਵਾਲੀ ਦੇ ਬਰੋਟੇ ਹੇਠ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤਲਵਾਰ ਦਾ ਵਾਰ ਕਰਕੇ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਸਮੇਂ ਭਾਰੀ ਗਿਣਤੀ ਵਿਚ ਦਿੱਲੀ ਵਾਸੀਆਂ ਨੇ ਇਸ ਖੌਫਨਾਕ ਵਰਤਾਰੇ ਨੂੰ ਵੇਖਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸੁਣਕੇ ਸਿੱਖ ਨੌਜਵਾਨਾਂ ਦੇ ਦਿਲਾਂ ਵਿਚ ਅੱਗ ਦੇ ਭਾਂਬੜ ਮੱਚਣ ਲੱਗ ਪਏ। ਕਾਜ਼ੀ ਦੇ ਫਤਵੇ ਮੁਤਾਬਕ ਗੁਰੂ ਸਾਹਿਬ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਗੇਟਾਂ ‘ਤੇ ਟੰਗੇ ਜਾਣਾ ਸਿੱਖੀ ਅਣਖ ਨੂੰ ਪ੍ਰਵਾਨ ਨਹੀਂ ਸੀ।
ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਤੇ ਸੀਸ ਨੂੰ ਹਕੂਮਤੀ ਬੇਅਦਬੀ ਤੋਂ ਬਚਾਉਣ ਲਈ ਕੁਝ ਸਿੱਖ ਨੌਜਵਾਨਾਂ ਦੀ ਮੀਟਿੰਗ ਹੋਈ, ਜਿਨ੍ਹਾਂ ਰਾਤੋਂ ਰਾਤ ਗੁਰੂ ਸਾਹਿਬ ਦੇ ਸੀਸ ਤੇ ਧੜ ਨੂੰ ਚਾਂਦਨੀ ਚੌਂਕ ਕੋਤਵਾਲੀ ‘ਚੋਂ ਚੁੱਕ ਲੈਣ ਦੀ ਸਕੀਮ ਬਣਾਈ। ਸਕੀਮ ਮੁਤਾਬਕ ਅੱਧੀ ਰਾਤ ਮਗਰੋਂ ਭਾਈ ਜੈਤਾ, ਭਾਈ ਨਾਨੂੰ ਤੇ ਭਾਈ ਊਦਾ ਚਾਂਦਨੀ ਚੌਂਕ ਕੋਤਵਾਲੀ ਪੁੱਜੇ ਤੇ ਬਿਜਲੀ ਦੀ ਫੁਰਤੀ ਨਾਲ ਭਾਈ ਜੈਤਾ ਤੇ ਭਾਈ ਨਾਨੂੰ ਨੇ ਰਾਤ ਦੇ ਹਨ੍ਹੇਰੇ ਦਾ ਲਾਭ ਉਠਾਉਂਦਿਆਂ ਸਤਿਗੁਰਾਂ ਦਾ ਪਵਿੱਤਰ ਸੀਸ ਚੁੱਕ ਲਿਆ ਤੇ ਭਾਈ ਜੈਤਾ ਜੀ ਦੇ ਘਰ ਸੀਸ ਨੂੰ ਲੈ ਗਏ। ਅਗਲੇ ਦਿਨ ਭਾਈ ਜੈਤਾ ਤੇ ਭਾਈ ਨਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਤੇ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪਿਆ, ਜਿਨ੍ਹਾਂ ਦਾ ਪੂਰਨ ਸਤਿਕਾਰ ਸਹਿਤ ਗੁਰੂ ਤੇਗ ਬਹਾਦਰ ਸਾਹਿਬ ਦੇ ਕੱਟੇ ਗਏ ਸੀਸ ਦਾ ਸਸਕਾਰ ਕੀਤਾ। ਇਸੇ ਤਰ੍ਹਾਂ ਗੁਰੂ ਸਾਹਿਬ ਦਾ ਧੜ ਭਾਈ ਲਖੀਸ਼ਾਹ ਵਣਜ਼ਾਰੇ ਨੇ ਆਪਣੇ ਤਿੰਨ ਪੁੱਤਰਾਂ ਨਗਾਹੀਆ, ਹੇਮਾ ਤੇ ਹਾੜੀ ਨਾਲ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਚਾਂਦਨੀ ਚੌਂਕ ਕੋਤਵਾਲੀ ਵਿਚੋਂ ਚੁੱਕ ਲਿਆ। ਇਹ ਸਾਰੇ ਇਕ ਟਾਂਡੇ ਦੇ ਭਰੇ ਗੱਡੇ ‘ਤੇ ਸਵਾਰ ਹੋ ਕੇ ਉਥੇ ਪਹੁੰਚੇ ਤੇ ਬਿਜਲੀ ਦੀ ਫੁਰਤੀ ਨਾਲ ਗੁਰੂ ਸਾਹਿਬ ਦਾ ਧੜ ਚੁੱਕਕੇ ਤੁਰਦੇ ਬਣੇ ਤੇ ਦਿਨ ਚੜ੍ਹਣ ਸਾਰ ਇਨ੍ਹਾਂ ਨੇ ਸਿੱਖ ਮਰਿਯਾਦਾ ਮੁਤਾਬਕ ਆਪਣੇ ਘਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਰੱਖਕੇ ਸਸਕਾਰ ਕਰ ਦਿੱਤਾ। ਇਨ੍ਹਾਂ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਗਾ ਲਈ ਤੇ ਖੁਦ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਹਕੂਮਤ ਦੇ ਕੁਝ ਸਿਪਾਹੀ ਵੀ ਉਥੇ ਪਹੁੰਚੇ, ਪਰ ਕਿਸੇ ਨੂੰ ਕੁਝ ਨਾ ਪਤਾ ਲੱਗਾ। ਜਿਸ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕੀਤਾ ਗਿਆ, ਉਸ ਥਾਂ ਅੱਜ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ।
ਗੁਰੂ ਤੇਗ ਬਹਾਦਰ ਸਾਹਿਬ ਲਗਾਤਾਰ ਆਪਣੀ ਰਾਜਨੀਤਕ ਤਾਕਤ ਮਜ਼ਬੂਤ ਕਰਦੇ ਜਾ ਰਹੇ ਸਨ, ਜਿਸਨੂੰ ਔਰੰਗਜ਼ੇਬ ਇਕ ਵੰਗਾਰ ਸਮਝ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਵਧ ਰਹੀ ਸਿਆਸੀ ਪਕੜ ਦਾ ਹੀ ਸਿੱਟਾ ਸੀ ਕਿ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ 10 ਸਾਲਾਂ ਵਿਚ ਤਿੰਨ ਵਾਰੀ ਗ੍ਰਿਫਤਾਰ ਕੀਤਾ ਤੇ ਅੰਤ ਸ਼ਹੀਦ ਕਰ ਦਿੱਤਾ। ਹਿੰਦੂ ਪੰਡਤਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਆਉਣਾ ਤੇ ਉਨ੍ਹਾਂ ਨਾਲ ਹੋ ਰਹੇ ਜ਼ੁਲਮਾਂ ਨੂੰ ਰੋਕਣ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਸ਼ਹੀਦੀ ਦੇਣੀ ਸਾਰੇ ਘਟਨਾਕ੍ਰਮ ਦਾ ਵਕਤੀ ਕਾਰਨ ਜ਼ਰੂਰ ਬਣਿਆ, ਪਰ ਸਮੁੱਚੇ ਰੂਪ ਵਿਚ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਦੀ ਦਿਨੋਂ ਦਿਨ ਵਧ ਰਹੀ ਰਾਜਸੀ, ਧਾਰਮਿਕ ਤੇ ਸਮਾਜਿਕ ਤਾਕਤ ਤੋਂ ਦੁਖੀ ਸੀ ਤੇ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਬਹਾਨਾ ਲੱਭ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੀ ਭਲਾਈ ਦੀ ਖਾਤਰ ਅਦੁੱਤੀ ਸ਼ਹੀਦੀ ਦਿੱਤੀ, ਜੋ ਰਹਿੰਦੀ ਦੁਨੀਆਂ ਤਕ ਲੋਕਾਈ ਦਾ ਮਾਰਗਦਰਸ਼ਨ ਕਰਦੀ ਰਹੇਗੀ। ਜੈ ਹਿੰਦ !!

source : internet

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਰੰਗਾਂ ਦਾ ਤਿਉਹਾਰ ਹੋਲੀ (24 ਮਾਰਚ) !!!

ਹੋਲੀ ਦਾ ਨਾਂ ਸੁਣਦਿਆਂ ਹੀ ਸਰੀਰ ਵਿੱਚ ਮਧੁਰ ਝਰਨਾਹਟ ਜਿਹੀ ਛਿੜ ਪੈਂਦੀ ਹੈ। ਖ਼ੁਸ਼ੀਆਂ, ਸੁਗੰਧੀਆਂ ਅਤੇ ਰੰਗੀਨੀਆਂ ਦਾ ਢੋਆ ਲੈ ਕੇ ਆਉਂਦਾ ਹੈ ਹੋਲੀ ਦਾ ਮਨਮੋਹਕ ਤਿਉਹਾਰ! ਇਹ ਸਿਰਫ਼ ਪੰਜਾਬ


Print Friendly
Important Days0 Comments

“ਮਾਘੀ ਦਾ ਮੇਲਾ – 14 ਜਨਵਰੀ” ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆਂ….

ਮਾਘੀ ਦਾ ਮੇਲਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਦਾਂ ਜੋ ਮੁਸ਼ਕਿਲਾ ਤੋਂ ਤੰਗ ਆ ਕੇ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਤੇ ਬੇਦਾਵਾ – ਲਿਖ ਕੇ


Print Friendly
Important Days0 Comments

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

15 ਅਗਸਤ ਦਾ ਦਿਨ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਸੰਨ 1947 ਦੇ ਇਸੇ ਦਿਨ ਅੰਗਰੇਜ਼ ਸਾਮਰਾਜ ਖਿਲਾਫ ਬੜੇ ਸਿਰੜੀ, ਲੰਬੇ ਤੇ ਲਹੂ ਵੀਟਵੇਂ ਸੰਘਰਸ਼ ਪਿੱਛੋਂ ਆਜ਼ਾਦੀ ਪ੍ਰਾਪਤ ਹੋਈ


Print Friendly